ਸਿੱਖਾਂ ਲਈ ਵੱਡੀ ਖੁਸ਼ਖਬਰੀ, ਨਿਊਜ਼ੀਲੈਂਡ ਦੇ ਏਵੀਏਸ਼ਨ ਨੇ ਦਿੱਤੀ ਸਿਰੀ ਸਾਹਿਬ ਨੂੰ ਮਾਨਤਾ
Wednesday, Mar 14, 2018 - 01:28 AM (IST)

ਔਕਲੈਂਡ— ਨਿਊਜ਼ੀਲੈਂਡ ਦੇ ਏਵੀਏਸ਼ਨ ਵਿਭਾਗ ਵਲੋਂ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਯਾਤਰੀ ਸਿਰੀ ਸਾਹਿਬ ਧਾਰਨ ਕਰਕੇ ਨਿਊਜ਼ੀਲੈਂਡ 'ਚ ਹਵਾਈ ਸਫਰ ਕਰ ਸਕਣਗੇ। ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਹੈ ਕਿ ਸਿਰੀ ਸਾਹਿਬ ਸਿੱਖ ਗੁਰੂ ਸਹਿਬਾਨ ਵਲੋਂ ਬਖਸ਼ਿਸ਼ ਕੀਤੀ ਹੋਈ ਹੈ ਤੇ ਇਹ ਉੱਚ ਅਧਿਆਤਮਕ ਅਹਿਮੀਅਤ ਰੱਖਦੀ ਹੈ। ਵੈੱਬਸਾਈਟ 'ਤੇ ਇਹ ਵੀ ਲਿਖਿਆ ਗਿਆ ਕਿ ਸਿੱਖ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਸਿਰੀ ਸਾਹਿਬ ਪਹਿਨ ਕੇ ਨਿਊਜ਼ੀਲੈਂਡ ਭਰ 'ਚ ਹਵਾਈ ਸਫਰ ਕਰ ਸਕਦੇ ਹਨ ਤੇ ਨਿਊਜ਼ੀਲੈਂਡ 'ਚੋਂ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾ 'ਚ ਵੀ ਸਫਰ ਕਰ ਸਕਦੇ ਹਨ।
ਇਸ ਦੇ ਨਾਲ ਹੀ ਵੈੱਬਸਾਈਟ 'ਤੇ ਇਹ ਵੀ ਲਿਖਿਆ ਗਿਆ ਕਿ ਅੰਤਰਰਾਸ਼ਟਰੀ ਉਡਾਣ ਦੇ ਲਈ ਜੇਕਰ ਯਾਤਰੀ ਨੂੰ ਕਿਸੇ ਹੋਰ ਦੇਸ਼ 'ਚ ਜਹਾਜ਼ ਬਦਲੀ ਕਰਨ ਦੀ ਲੋੜ ਪਵੇ ਤਾਂ ਉਸ ਦੇਸ਼ ਦੇ ਹਵਾਬਾਜ਼ੀ ਨਿਯਮਾਂ ਜਾਂ ਏਅਰਲਾਈਨ ਦੀ ਪੜਤਾਲ ਕਰਨੀ ਹੋਵੇਗੀ ਤਾਂ ਕਿ ਯਾਤਰੀ ਮੁਸ਼ਕਿਲ 'ਚ ਨਾ ਫਸੇ। ਜੇਕਰ ਸਿਰੀ ਸਾਹਿਬ 6 ਸੈਂਟੀਮੀਟਰ ਤੋਂ ਲੰਬੀ ਹੋਵੇ ਤਾਂ ਸੁਰੱਖਿਆ ਸਟਾਫ ਯਾਤਰੀ ਨੂੰ ਰੋਕ ਸਕਦਾ ਹੈ ਤੇ ਸਿਰੀ ਸਾਹਿਬ ਨੂੰ ਕਾਰਗੋ 'ਚ ਭੇਜਣ ਲਈ ਕਹਿ ਸਕਦਾ ਹੈ।