ਪਾਕਿਸਤਾਨ ''ਚ ਟ੍ਰਾਂਸਜੈਂਡਰ ਦਾ ਗੋਲੀਆਂ ਮਾਰ ਕੇ ਕਤਲ

08/17/2018 9:47:08 PM

ਪੇਸ਼ਾਵਰ— ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ 'ਚ ਇਕ ਟ੍ਰਾਂਸਜੈਂਡਰ ਦਾ ਗੋਲੀਆ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਟ੍ਰਾਂਸਜੈਂਡਰ ਦੀ ਲਾਸ਼ ਅਣਪਛਾਤੇ ਲੋਕਾਂ ਵਲੋਂ ਇਕ ਬੋਰੀ 'ਚ ਬੰਨ੍ਹ ਕੇ ਇਲਾਕੇ 'ਚ ਸੁੱਟੀ ਗਈ ਸੀ।
ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਦੀ ਹੈ ਤੇ ਪੀੜਤ ਦੀ ਪਛਾਣ ਪੇਸ਼ਾਵਰ ਦੇ ਰਹਿਣ ਵਾਲੇ ਨਾਸਿਰ ਵਜੋਂ ਹੋਈ ਹੈ। ਪੁਲਸ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਪੀੜਤ ਦੇ ਸਰੀਰ 'ਤੇ ਤਸੀਹੇ ਦੇਣ ਦੇ ਨਿਸ਼ਾਨ ਵੀ ਮੌਜੂਦ ਸਨ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਮਾਮਲੇ 'ਚ ਐੱਫ.ਆਈ.ਆਰ. ਵੀ ਦਰਜ ਕਰ ਲਈ ਗਈ ਹੈ। ਪਾਕਿਸਤਾਨ ਦੀ ਇਕ ਪੱਤਰਕਾਰ ਏਜੰਸੀ ਨੇ ਕਿਹਾ ਕਿ ਪਾਕਿਸਤਾਨ ਦੀ ਇਕ ਟ੍ਰਾਂਸਜੈਂਡਰ ਸੰਸਥਾ, ਟ੍ਰਾਂਸ ਐਕਸ਼ਨ ਪਾਕਿਸਤਾਨ ਨੇ ਇਹ ਮਾਮਲਾ ਪੂਰੇ ਜ਼ੋਰ ਨਾਲ ਚੁੱਕਿਆ ਹੈ। 
ਖੈਬਰ-ਪਖਤੂਨਖਵਾ 'ਚ 2015 ਤੋਂ ਹੁਣ ਤੱਕ ਇਹ ਕਿਸੇ ਟ੍ਰਾਂਸਜੈਂਡਰ ਦੀ 62ਵੀਂ ਹੱਤਿਆ ਹੈ। ਇਲਾਕੇ 'ਚ ਟ੍ਰਾਂਸਜੈਂਡਰਾਂ ਖਿਲਾਫ ਭੜਕ ਰਹੀ ਹਿੰਸਾ ਕਾਰਨ ਇਲਾਕੇ 'ਚ ਤਣਾਅ ਦਾ ਮਾਹੌਲ ਹੈ। ਕੁਝ ਦਿਨ ਪਹਿਲਾਂ ਵੀ ਪੇਸ਼ਾਵਰ 'ਚ ਤਿੰਨ ਟ੍ਰਾਂਸਜੈਂਡਰ ਅਣਪਛਾਤੇ ਵਿਅਕਤੀ ਵਲੋਂ ਚਾਕੂ ਹਮਲੇ ਕਾਰਨ ਜ਼ਖਮੀ ਹੋ ਗਏ ਸਨ। ਮਾਰਚ ਮਹੀਨੇ 'ਚ ਵੀ ਇਕ ਟ੍ਰਾਂਸਜੈਂਡਰ ਤੇ ਉਸ ਦੇ ਦੋਸਤ ਦਾ ਪੇਸ਼ਾਵਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


Related News