ਟੋਰਾਂਟੋ : 11 ਹਫਤਿਆਂ ਤਕ ਕੋਰੋਨਾ ਨਾਲ ਲੜਨ ਮਗਰੋਂ ਬਜ਼ੁਰਗ ਨੂੰ ਮਿਲੀ ਹਸਪਤਾਲ ਤੋਂ ਛੁੱਟੀ

07/24/2020 1:35:56 PM

ਟੋਰਾਂਟੋ- ਕੋਰੋਨਾ ਵਾਇਰਸ ਕਿਸੇ ਉਮਰ ਜਾਂ ਪੈਸੇ ਨੂੰ ਦੇਖ ਕੇ ਕਿਸੇ ਨੂੰ ਆਪਣਾ ਸ਼ਿਕਾਰ ਨਹੀਂ ਬਣਾਉਂਦਾ ਇਸ ਲਈ ਇਸ ਤੋਂ ਬਚ ਕੇ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਟੋਰਾਂਟੋ ਵਾਸੀ 63 ਸਾਲਾ ਰਾਮਚੰਦ ਰਾਮਧੀਨ ਨੂੰ ਹਲਕਾ ਜਿਹਾ ਜੁਕਾਮ ਹੋਇਆ ਤਾਂ ਪਰਿਵਾਰ ਨੇ ਹਸਪਤਾਲ ਜਾ ਕੇ ਕੋਰੋਨਾ ਟੈਸਟ ਕਰਵਾਉਣ ਬਾਰੇ ਸੋਚਿਆ। ਉਸ ਦਿਨ ਹਸਪਤਾਲ ਕੋਲ ਟੈਸਟ ਕਿੱਟ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ ਪਰ ਬਜ਼ੁਰਗ ਦੀ ਹਾਲਤ ਹੋਰ ਖਰਾਬ ਹੋ ਗਈ ਤੇ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਹੋ ਗਈ। ਟੈਸਟ ਕਰਵਾਉਣ 'ਤੇ ਪਤਾ ਲੱਗਾ ਕਿ ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹਨ। ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਤੇ ਹੁਣ 11 ਹਫਤਿਆਂ ਬਾਅਦ ਉਹ ਸਿਹਤਯਾਬ ਹੋਏ ਹਨ। 


ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਆਸ ਹੀ ਖਤਮ ਹੁੰਦੀ ਜਾ ਰਹੀ ਸੀ। ਉਨ੍ਹਾਂ ਨੂੰ ਹਰ ਸਮੇਂ ਚਿੰਤਾ ਰਹਿੰਦੀ ਸੀ ਤੇ ਉਹ ਅਰਦਾਸ ਕਰਦੇ ਸਨ ਕਿ ਰਾਮਚੰਦ ਠੀਕ ਹੋ ਕੇ ਘਰ ਵਾਪਸ ਆ ਜਾਣ। ਉਨ੍ਹਾਂ ਦੀ ਧੀ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਤਾਂ ਉਸ ਨੂੰ ਬਹੁਤ ਡਰ ਲੱਗ ਰਿਹਾ ਸੀ। 


ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਹੁਤ ਜ਼ਿਆਦਾ ਧਿਆਨ ਰੱਖਣ ਤਾਂ ਕਿ ਕਿਸੇ ਦੇ ਵੀ ਪਰਿਵਾਰ ਨੂੰ ਆਪਣਿਆਂ ਤੋਂ ਵਿਛੜਨ ਦਾ ਦੁੱਖ ਨਾ ਝੱਲਣਾ ਪਵੇ। ਰਾਮਚੰਦ ਦੇ ਖੂਨ ਵਿਚ ਆਕਸੀਜਨ ਦਾ ਲੈਵਲ 70 ਫੀਸਦੀ ਰਹਿ ਗਿਆ ਸੀ ਜੋ 94 ਫੀਸਦੀ ਹੋਣਾ ਲਾਜ਼ਮੀ ਹੁੰਦਾ ਹੈ। ਜੇਕਰ ਇਹ 90 ਫੀਸਦੀ ਵੀ ਰਹਿ ਜਾਵੇ ਤਾਂ ਚਿੰਤਾ ਦੀ ਗੱਲ ਹੋ ਜਾਂਦੀ ਹੈ ਜਦਕਿ ਰਾਮਚੰਦ ਦੀ ਸਥਿਤੀ ਬਹੁਤ ਖਰਾਬ ਸੀ। ਪਰਿਵਾਰ ਵਾਲੇ ਰੱਬ ਦਾ ਸ਼ੁਕਰ ਕਰ ਰਹੇ ਹਨ, ਕਿ ਉਨ੍ਹਾਂ ਦਾ ਪਰਿਵਾਰ ਉਜੜਨ ਤੋਂ ਬਚ ਗਿਆ।


Lalita Mam

Content Editor

Related News