ਝੀਲ ''ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 3 ਲੋਕਾਂ ਦੀ ਮੌਤ

Friday, Dec 27, 2024 - 06:33 PM (IST)

ਝੀਲ ''ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 3 ਲੋਕਾਂ ਦੀ ਮੌਤ

ਓਸਲੋ (ਏਜੰਸੀ)- ਨਾਰਵੇ ਦੇ ਉੱਤਰੀ ਸ਼ਹਿਰ ਹੈਡਸੇਲ ਵਿੱਚ ਇੱਕ ਯਾਤਰੀ ਬੱਸ ਦੇ ਝੀਲ ਵਿੱਚ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਜਾਣਕਾਰੀ ਦੇਸ਼ ਦੇ ਸਥਾਨਕ ਅਧਿਕਾਰੀਆਂ ਨੇ ਦਿੱਤੀ। ਜਦੋਂ ਇਹ ਬੱਸ ਝੀਲ ਵਿੱਚ ਡਿੱਗੀ ਤਾਂ ਇਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸੇ ਤੋਂ ਪਹਿਲਾਂ ਇਹ ਬੱਸ ਨਾਰਵਿਕ ਤੋਂ ਸਵੋਲਵਰ ਜਾ ਰਹੀ ਸੀ। ਸਵੋਲਵਰ ਜਾਂਦੇ ਸਮੇਂ ਬੱਸ ਉੱਤਰੀ ਨਾਰਵੇ ਦੇ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਲੋਫੋਟੇਨ ਟਾਪੂ ਦੇ ਰਾਫਟਸੁੰਡੇਟ ਨੇੜੇ ਪਲਟ ਗਈ।

ਇਕ ਨਿਊਜ਼ ਏਜੰਸੀ ਮੁਤਾਬਕ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਵਾਲੀ ਥਾਂ 'ਤੇ ਪਹੁੰਚਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਵੀ ਮੌਕੇ 'ਤੇ ਪਹੁੰਚਾਉਣ 'ਚ ਦਿੱਕਤ ਆਈ। ਦੁਰਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਨੌਰਡਲੈਂਡ ਪੁਲਸ ਜ਼ਿਲ੍ਹੇ ਦੇ ਚੀਫ਼ ਆਫ਼ ਸਟਾਫ, ਬੈਂਟ ਅਰੇ ਐਲਰਟਸਨ ਨੇ ਕਿਹਾ, "ਬੱਸ ਅੰਸ਼ਕ ਤੌਰ 'ਤੇ ਪਾਣੀ ਵਿੱਚ ਡੁੱਬ ਹੋਈ ਹੈ। 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਐਮਰਜੈਂਸੀ ਸੇਵਾਵਾਂ ਨੇ ਬੱਸ ਵਿਚੋਂ ਸਾਰਿਆਂ ਨੂੰ ਕੱਢ ਲਿਆ ਹੈ।" ਗੰਭੀਰ ਰੂਪ ਨਾਲ ਜ਼ਖਮੀ ਹੋਏ ਪੀੜਤਾਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ, ਜਦਕਿ ਬਾਕੀਆਂ ਨੂੰ ਸਕੂਲ ਸਮੇਤ ਨੇੜਲੇ ਆਸਰਾ-ਘਰਾਂ 'ਚ ਲਿਜਾਇਆ ਗਿਆ।


author

cherry

Content Editor

Related News