‘ਇਮਰਾਨ ਖ਼ਾਨ ’ਤੇ ਨਹੀਂ ਹੋਈ ਫਾਇਰਿੰਗ, ਜ਼ਖ਼ਮੀ ਹੋਣ ਦੀ ਕਹਾਣੀ ਝੂਠੀ’, ਪਾਕਿ ਗ੍ਰਹਿ ਮੰਤਰੀ ਦਾ ਦਾਅਵਾ
Saturday, Nov 05, 2022 - 11:30 AM (IST)
ਇਸਲਾਮਾਬਾਦ (ਬਿਊਰੋ)– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ੁਦ ’ਤੇ ਹੋਏ ਹਮਲੇ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸਮੇਤ ਤਿੰਨ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ। ਲਾਹੌਰ ਦੇ ਸ਼ੌਕਤ ਖ਼ਾਨਮ ਹਸਪਤਾਲ ਤੋਂ ਸ਼ੁੱਕਰਵਾਰ ਨੂੰ ਦੇਸ਼ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਹਮਲੇ ਨੂੰ ਲੈ ਕੇ ਸਿੱਧੇ ਤੌਰ ’ਤੇ 3 ਲੋਕਾਂ ’ਤੇ ਦੋਸ਼ ਲਗਾਇਆ।
ਇਮਰਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਤੇ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਚੀਫ ਮੇਜਰ-ਜਨਰਲ ਫੈਸਲ ਨਾਸਿਰ ਨੇ ਉਨ੍ਹਾਂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਦਾਅਵਾ ਕੀਤਾ ਕਿ ਇਮਰਾਨ ਨੂੰ ਚਾਰ ਗੋਲੀਆਂ ਨਹੀਂ ਲੱਗੀਆਂ ਸਨ। ਉਨ੍ਹਾਂ ਦੇ ਜ਼ਖ਼ਮੀ ਹੋਣ ਦੀ ਕਹਾਣੀ ਵੀ ਝੂਠੀ ਹੈ। ਪਾਕਿਸਤਾਨ ਮੀਡੀਆ ਮੁਤਾਬਕ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਪੀ. ਟੀ. ਆਈ. ਦੇ ਲੰਮੇ ਮਾਰਚ ’ਤੇ ਹੋਏ ਹਮਲੇ ਦੀ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਨਵੀਦ ਨਸ਼ੇ ਦਾ ਆਦੀ ਹੈ ਤੇ ਘਟਨਾ ਦੇ ਸਬੰਧ ’ਚ ਉਸ ਦੇ ਬਿਆਨ ‘ਸ਼ੱਕੀ’ ਹਨ।
ਇਹ ਖ਼ਬਰ ਵੀ ਪੜ੍ਹੋ : ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਇਸਲਾਮਾਬਾਦ 'ਚ ਲਗਾਇਆ ਗਿਆ ਲਾਕਡਾਊਨ
ਇਮਰਾਨ ਖ਼ਾਨ ’ਤੇ ਹਮਲੇ ਦੀ ਜਾਂਚ ਨੂੰ ਲੈ ਕੇ ਵੀ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਪੀ. ਟੀ. ਆਈ. ਵਰਕਰ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਬਿਆਨ ਗੁਜਰਾਤ ਦੇ ਥਾਣੇ ’ਚ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਦੀ ਐੱਫ. ਆਈ. ਆਰ. ਅਜੇ ਦਰਜ ਨਹੀਂ ਕੀਤੀ ਗਈ ਹੈ। ਇਹ ਕਿਸ ਤਰ੍ਹਾਂ ਦੀ ਜਾਂਚ ਹੈ? ਜੋ ਐੱਫ. ਆਈ. ਆਰ. ਦਰਜ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਪਾਿਕ ਗ੍ਰਹਿ ਮੰਤਰੀ ਦੇ ਸਵਾਲ ’ਤੇ ਗੁਜਰਾਤ ਜ਼ਿਲੇ ਦੇ ਡੀ. ਪੀ. ਓ. ਗਜ਼ਨਫਰ ਸ਼ਾਹ ਨੇ ਕਿਹਾ ਕਿ ਘਟਨਾ ਦੇ ਆਲੇ-ਦੁਆਲੇ ਦੀਆਂ ਸਾਰੀਆਂ ਛੱਤਾਂ ਦੀ ਜਾਂਚ ਤੋਂ ਬਾਅਦ ਸਾਨੂੰ ਕੋਈ ਗੋਲੀ ਨਹੀਂ ਮਿਲੀ, ਜਿਸ ਕਾਰਨ ਕਿਹਾ ਜਾ ਸਕੇ ਕਿ ਇਸ ਨੂੰ ਕਿਥੋਂ ਮਾਰਿਆ ਗਿਆ। ਇਸ ਹਮਲੇ ’ਚ ਕੁਲ 11 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੇ ਖੋਲ ਹੇਠਾਂ ਡਿੱਗੇ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. ਲਈ ਅਰਜ਼ੀ ਨਹੀਂ ਮਿਲੀ ਸੀ, ਇਸ ਲਈ ਕੇਸ ਦਰਜ ਨਹੀਂ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।