ਦੁਨੀਆ ਕਰੇਗੀ ਬਾਈਡੇਨ ਦਾ ਸਨਮਾਨ : ਹੈਰਿਸ
Sunday, Nov 29, 2020 - 01:21 AM (IST)
ਵਾਸ਼ਿੰਗਟਨ - ਅਮਰੀਕਾ ਦੀ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਅਜਿਹੇ ਨੇਤਾ ਹਨ ਜਿਨ੍ਹਾਂ ਦਾ ਸਨਮਾਨ ਦੁਨੀਆ ਕਰੇਗੀ। ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਜਿੱਤ ਦਰਜ ਕਰਨ ਵਾਲੇ 78 ਸਾਲਾ ਬਾਈਡੇਨ ਦੀ ਪ੍ਰਸ਼ੰਸਾ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹੋਣਗੇ।
ਉਥੇ, ਬਾਈਡੇਨ ਨੇ ਕਈ ਟਵੀਟ ਕਰ ਦੇ ਦੇਸ਼ ’ਚ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਇਹ ਦੇਸ਼ ’ਚ ਹੁਣ ਤੱਕ ਦਾ ਇਕ ਨਵਾਂ ਹਿੰਮਤੀ ਅਤੇ ਜ਼ਿਆਦਾ ਕ੍ਰਿਪਾਲੂ ਇਤਿਹਾਸ ਲਿਖਣ ਦਾ ਸਾਡਾ ਪਲ ਹੈ-ਅਸੀਂ ਸਾਰਿਆਂ ਦਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰਫਤਾਰ ਰੋਕਣ ਦੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ, ਸਾਨੂੰ ਆਪਣੀਆਂ ਕੋਸ਼ਿਸ਼ਾਂ ਦੁਗਣੀਆਂ ਕਰ ਕੇ ਕੋਵਿਡ-19 ਦੇ ਖਿਲਾਫ ਸੰਘਰਸ਼ ਪ੍ਰਤੀ ਦੁਬਾਰਾ ਵਚਨਬੱਧਤਾ ਪ੍ਰਗਟ ਕਰਨੀ ਹੈ। ਅਸੀਂ ਸਾਰੇ ਇਸ ਵਿਚ ਇਕਮੁੱਠ ਹਾਂ।
ਉਥੇ ਹੀ ਜੋ ਬਾਈਡੇਨ ਦੇ ਕੋਰੋਨਾ ਵਾਇਰਸ ਸਲਾਹਕਾਰ ਬੋਰਡ ਦੀ ਇਕ ਮੈਂਬਰ ਡਾ. ਸੇਲੀਨ ਗੌਂਡਰ ਮੁਤਾਬਕ ਬਾਈਡੇਨ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦਾ ਟੀਕਾ ਪਹਿਲਾਂ ਕਿਸ ਨੂੰ ਦਿੱਤਾ ਜਾਵੇਗਾ ਇਸ ਦਾ ਫੈਸਲਾ ਸਿਹਤ ਮਾਹਰ ਕਰਨਗੇ। ਭਾਰਤੀ ਮੂਲ ਦੀ ਅਮਰੀਕੀ ਡਾਕਟਰ ਅਤੇ ਇਨਫੈਕਸ਼ਨ ਰੋਗ ਮਾਹਰ ਗੌਂਡਰ ਨੇ ਕਿਹਾ ਕਿ ਕੋਵਿਡ-19 ਦਾ ਖਤਰਾ ਵੱਖ-ਵੱਖ ਵਰਗ ਦੇ ਲੋਕਾਂ ਲਈ ਵੱਖਰਾ ਹੋ ਸਕਦਾ ਹੈ ਇਸ ਲਈ ਟੀਕਾਕਰਨ ਦੀ ਤਰਜ਼ੀਹ 'ਚ ਕਿਸ ਨੂੰ ਰੱਖਿਆ ਜਾਵੇਗਾ ਇਹ ਕਹਿਣਾ ਮੁਸ਼ਕਲ ਹੈ।