ਵਿਆਹ ਮਗਰੋਂ ਲਾੜੇ ਨੇ ਜੇਲ ''ਚ ਕੱਟੀ ਰਾਤ, ਜਾਣੋ ਪੂਰਾ ਮਾਮਲਾ
Wednesday, Dec 13, 2017 - 12:52 PM (IST)

ਕੁਆਲਾਲੰਪੁਰ (ਬਿਊਰੋ)— ਮਲੇਸ਼ੀਆ ਵਿਚ ਇਕ ਵਿਆਹ ਦੀ ਰਿਸੈਪਸ਼ਨ ਵਿਚ ਝਗੜਾ ਹੋਣ ਸੰਬੰਧੀ ਮਾਮਲਾ ਸਾਹਮਣੇ ਆਇਆ ਹੈ। ਪੁਲਸ ਪਾਰਟੀ ਵਿਚ ਇਕ ਅਪਰਾਧੀ ਨੂੰ ਗ੍ਰਿਫਤਾਰ ਕਰਨ ਆਈ ਸੀ, ਜੋ ਲਾੜੇ ਪੱਖ ਵੱਲੋਂ ਮਹਿਮਾਨ ਸੀ। ਲਾੜੇ ਦੇ ਪੱਖ ਵਾਲੇ ਵਿਅਕਤੀ ਪੁਲਸ ਨਾਲ ਭਿੜ ਗਏ। ਲਾੜੇ ਨੇ ਇਸ ਦੌਰਾਨ ਪੁਲਸ ਕਰਮਚਾਰੀਆਂ 'ਤੇ ਗਿਲਾਸ ਸੁੱਟਿਆ, ਜਿਸ ਨਾਲ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਘਟਨਾ ਦੌਰਾਨ ਅਪਰਾਧੀ ਵਿਅਕਤੀ ਉੱਥੋਂ ਫਰਾਰ ਹੋ ਗਿਆ ਪਰ ਪੁਲਸ ਨੇ ਉਸੇ ਰਾਤ ਲਾੜੇ (35) ਨੂੰ ਹਿਰਾਸਤ ਵਿਚ ਲੈ ਲਿਆ। ਇਹ ਮਾਮਲਾ ਕੁਆਲਾਲੰਪੁਰ ਵਿਚ ਏਲਰ ਸੈਂਟਰ ਦਾ ਹੈ। ਐਤਵਾਰ ਸ਼ਾਮ ਹੋਟਲ ਦੇ ਬਾਲਰੂਮ ਵਿਚ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ। ਲਾੜੇ ਪੱਖ ਵੱਲੋਂ ਮਹਿਮਾਨਾਂ ਵਿਚੋਂ ਇਕ ਵਿਅਕਤੀ ਅਜਿਹਾ ਸੀ, ਜਿਸ ਨੂੰ ਪੁਲਸ ਗ੍ਰਿਫਤਾਰ ਕਰਨ ਆਈ ਸੀ। ਮੀਡੀਆ ਰਿਪੋਰਟ ਮੁਤਾਬਕ ਉਸ 'ਤੇ ਕਈ ਅਪਰਾਧਾਂ ਦੇ ਤਹਿਤ ਧਾਰਾਵਾਂ ਲੱਗੀਆਂ ਹੋਈਆਂ ਸਨ। ਪੁਲਸ ਸਮਾਰੋਹ ਵਿਚ ਉਸੇ ਸੰਬੰਧੀ ਪੁੱਛਗਿੱਛ ਕਰ ਰਹੀ ਸੀ।
ਉੱਧਰ ਲਾੜੇ ਪੱਖ ਵਾਲੇ ਲੋਕਾਂ ਨੇ ਉਸ ਅਪਰਾਧੀ ਵਿਅਕਤੀ (38) ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। 40 ਲੋਕਾਂ ਦਾ ਸਮੂਹ ਉਸ ਅਪਰਾਧੀ ਵਿਅਕਤੀ ਦੀ ਗ੍ਰਿਫਤਾਰੀ ਰੋਕਣ ਲਈ ਪੁਲਸ ਅੱਗੇ ਆ ਖੜ੍ਹਾ ਹੋਇਆ, ਜਿਸ ਵਿਚ ਲਾੜਾ ਵੀ ਸ਼ਾਮਲ ਸੀ। ਪੁਲਸ ਅਤੇ ਲਾੜੇ ਪੱਖ ਦੇ ਲੋਕਾਂ ਵਿਚਕਾਰ ਇਸ ਬਾਰੇ ਬਹਿਸ ਵੀ ਹੋਈ। ਗੱਲ ਉਸ ਵੇਲੇ ਹੋਰ ਵਿਗੜ ਗਈ, ਜਦੋਂ ਲਾੜੇ ਨੇ ਇਕ ਪੁਲਸ ਕਰਮਚਾਰੀ 'ਤੇ ਗਿਲਾਸ ਸੁੱਟਿਆ। ਇਸ ਕਾਰਨ ਉਹ ਜ਼ਖਮੀ ਹੋ ਗਿਆ।
ਪੁਲਸ ਅਧਿਕਾਰੀ ਮੁਹੰਮਦ ਰੋਜ਼ੀ ਜਿਦਿਨ ਨੇ ਇਸ ਬਾਰੇ ਦੱਸਿਆ ਕਿ ਹੰਗਾਮੇ ਦੌਰਾਨ ਲਾੜੇ ਨੇ ਉਨ੍ਹਾਂ ਦੇ ਕਰਮਚਾਰੀ 'ਤੇ ਗਿਲਾਸ ਸੁੱਟਿਆ ਸੀ। ਘਟਨਾ ਦੌਰਾਨ ਉਸ ਦੇ ਹੱਥ ਵਿਚ ਸੱਟ ਲੱਗੀ। ਉੱਧਰ ਸ਼ੱਕੀ ਵਿਅਕਤੀ ਇਸ ਹੰਗਾਮੇ ਦੌਰਾਨ ਪਿੱਛੇ ਦੇ ਦਰਵਾਜੇ ਤੋਂ ਭੱਜਣ ਵਿਚ ਕਾਮਯਾਬ ਰਿਹਾ। ਜਦਕਿ ਹੋਰ ਮਹਿਮਾਨ ਉਸ ਨੂੰ ਲੈ ਕੇ ਪੁਲਸ ਨਾਲ ਝਗੜਦੇ ਰਹੇ। ਪੁਲਸ ਨੇ ਇਸ ਘਟਨਾ ਮਗਰੋਂ ਲਾੜੇ ਨੂੰ ਹਿਰਾਸਤ ਵਿਚ ਲੈ ਲਿਆ।