ਥਾਈਲੈਂਡ ਨੇ ਬਦਲੇ ਨਿਯਮ, ਹੁਣ 30 ਦਿਨਾਂ ਤੋਂ ਜ਼ਿਆਦਾ ਠਹਿਰਨ ’ਤੇ ਵੀਜ਼ਾ ਜ਼ਰੂਰੀ

Friday, May 22, 2026 - 03:41 AM (IST)

ਥਾਈਲੈਂਡ ਨੇ ਬਦਲੇ ਨਿਯਮ, ਹੁਣ 30 ਦਿਨਾਂ ਤੋਂ ਜ਼ਿਆਦਾ ਠਹਿਰਨ ’ਤੇ ਵੀਜ਼ਾ ਜ਼ਰੂਰੀ

ਬੈਂਕਾਕ - ਥਾਈਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਫੈਸਲਾ ਲੈਂਦੇ ਹੋਏ 60 ਦਿਨਾਂ ਦੀ ਵੀਜ਼ਾ ਛੋਟ ਵਿਵਸਥਾ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਹੁਣ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ 30 ਦਿਨਾਂ ਤੋਂ ਜ਼ਿਆਦਾ ਰੁਕਣ ਲਈ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਮੌਜੂਦਾ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਗਿਆ ਹੈ।

ਜੁਲਾਈ 2024 ਤੋਂ ਥਾਈਲੈਂਡ ਨੇ 93 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ 60 ਦਿਨਾਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਸੀ। ਇਹ ਫੈਸਲਾ ਕੋਵਿਡ ਮਹਾਮਾਰੀ ਤੋਂ ਬਾਅਦ ਸੈਰ-ਸਪਾਟੇ (ਟੂਰਿਜ਼ਮ) ਅਤੇ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਸੀ। ਇਸ ਸੂਚੀ ਵਿੱਚ ਬ੍ਰਿਟੇਨ, ਭਾਰਤ, ਅਮਰੀਕਾ, ਆਸਟ੍ਰੇਲੀਆ, ਚੀਨ, ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਵਰਗੇ ਦੇਸ਼ ਸ਼ਾਮਲ ਸਨ।

ਥਾਈਲੈਂਡ ਦੇ ਵਿਦੇਸ਼ ਮੰਤਰਾਲੇ ਅਨੁਸਾਰ ਨਵੇਂ ਨਿਯਮ ਰਾਇਲ ਗਜ਼ਟ ਵਿਚ ਪ੍ਰਕਾਸ਼ਿਤ ਹੋਣ ਦੇ 15 ਦਿਨਾਂ ਬਾਅਦ ਲਾਗੂ ਹੋ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਵੀਜ਼ਾ ਵਿਵਸਥਾ ਵਿਚ ਕਈ ਦੇਸ਼ਾਂ ਲਈ ਵੱਖੋ-ਵੱਖਰੀ ਛੋਟ ਹੋਣ ਕਾਰਨ ਵਿਦੇਸ਼ੀ ਨਾਗਰਿਕਾਂ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਸੀ।

ਡਰੱਗਜ਼ ਅਤੇ ਸੈਕਸ ਟ੍ਰੈਫਿਕਿੰਗ ਦੇ ਮਾਮਲੇ ਵਧੇ
ਹਾਲ ਹੀ ਦੇ ਮਹੀਨਿਆਂ ਵਿਚ ਥਾਈਲੈਂਡ ਵਿਚ ਕਈ ਵਿਦੇਸ਼ੀ ਨਾਗਰਿਕਾਂ ਦੀ ਗ੍ਰਿਫਤਾਰੀ ਹੋਈ ਹੈ। ਇਨ੍ਹਾਂ ਵਿਚ ਡਰੱਗ ਸਮੱਗਲਿੰਗ ਅਤੇ ਸੈਕਸ ਟ੍ਰੈਫਿਕਿੰਗ ਨਾਲ ਜੁੜੇ ਮਾਮਲੇ ਵੀ ਸ਼ਾਮਲ ਹਨ। ਕੁਝ ਬ੍ਰਿਟਿਸ਼ ਨਾਗਰਿਕਾਂ ’ਤੇ ਡਰੱਗ ਸਮੱਗਲਿੰਗ ਦੇ ਦੋਸ਼ ਲੱਗੇ ਹਨ। ਉਥੇ ਹੀ ਅਪ੍ਰੈਲ ਵਿਚ ਬੈਂਕਾਕ ਦੇ ਇਕ ਗੈਰ-ਲਾਇਸੈਂਸੀ ਅੰਤਰਰਾਸ਼ਟਰੀ ਸਕੂਲ ’ਤੇ ਛਾਪਾ ਮਾਰ ਕੇ 10 ਵਿਦੇਸ਼ੀਆਂ ਨੂੰ ਬਿਨਾਂ ਵਰਕ ਪਰਮਿਟ ਕੰਮ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
 


author

Inder Prajapati

Content Editor

Related News