ਤਾਲਿਬਾਨ ਨੇ ਛੇਤੀ ਹੀ ਕੁੜੀਆਂ ਲਈ ਸਕੂਲ ਖੋਲ੍ਹਣ ਦਾ ਲਿਆ ਸੰਕਲਪ
Sunday, Jan 16, 2022 - 01:03 PM (IST)
ਕਾਬੁਲ (ਭਾਸ਼ਾ)- ਅਫਗਾਨਿਸਤਾਨ ਦੇ ਨਵੇਂ ਤਾਲਿਬਾਨ ਸ਼ਾਸਕਾਂ ਦਾ ਕਹਿਣਾ ਹੈ ਕਿ ਉਹ ਮਾਰਚ ਦੇ ਅੰਤ ਤੱਕ ਦੇਸ਼ ਭਰ ਵਿੱਚ ਕੁੜੀਆਂ ਲਈ ਸਾਰੇ ਸਕੂਲ ਖੋਲ੍ਹਣ ਦੀ ਉਮੀਦ ਕਰਦੇ ਹਨ। ਤਾਲਿਬਾਨ ਦੇ ਇਕ ਬੁਲਾਰੇ ਨੇ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਕ ਵੱਡੀ ਮੰਗ ਦੇ ਸੰਦਰਭ ਵਿੱਚ ਸ਼ਨੀਵਾਰ ਨੂੰ ਐਸੋਸੀਏਟਿਡ ਪ੍ਰੈਸ ਨਾਲ ਪਹਿਲੀ ਵਾਰ ਇੱਕ ਨਿਰਧਾਰਤ ਸਮਾਂ ਸੀਮਾ ਸਾਂਝੀ ਕੀਤੀ। ਜਦੋਂ ਤੋਂ ਤਾਲਿਬਾਨ ਨੇ ਅਗਸਤ ਦੇ ਅੱਧ ਵਿੱਚ ਦੇਸ਼ 'ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਅਫਗਾਨਿਸਤਾਨ ਦੇ ਜ਼ਿਆਦਾਤਰ ਖੇਤਰਾਂ ਵਿੱਚ ਕੁੜੀਆਂ ਨੂੰ ਸੱਤਵੀਂ ਜਮਾਤ ਤੋਂ ਬਾਅਦ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਅੰਤਰਰਾਸ਼ਟਰੀ ਭਾਈਚਾਰਾ ਤਾਲਿਬਾਨ ਦੁਆਰਾ ਚਲਾਈ ਗਈ ਸਰਕਾਰ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਲਈ ਤਿਆਰ ਨਹੀਂ ਜਾਪਦਾ ਹੈ ਅਤੇ ਉਸ ਨੂੰ ਡਰ ਹੈ ਕਿ ਉਹ ਉਸੇ ਤਰ੍ਹਾਂ ਦੇ ਸਖ਼ਤ ਉਪਾਅ ਲਾਗੂ ਸਕਦੇ ਹਨ ਜਿਵੇਂ 20 ਸਾਲ ਪਹਿਲਾਂ ਉਨ੍ਹਾਂ ਦੀ ਪਿਛਲੀ ਸਰਕਾਰ ਦੌਰਾਨ ਲਾਗੂ ਸਨ। ਉਸ ਸਮੇਂ ਔਰਤਾਂ 'ਤੇ ਸਿੱਖਿਆ, ਕੰਮ ਅਤੇ ਜਨਤਕ ਜੀਵਨ 'ਤੇ ਪਾਬੰਦੀ ਸੀ। ਤਾਲਿਬਾਨ ਦੇ ਸੱਭਿਆਚਾਰ ਅਤੇ ਸੂਚਨਾ ਦੇ ਉਪ ਮੰਤਰੀ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਿਆ ਵਿਭਾਗ 21 ਮਾਰਚ ਤੋਂ ਸ਼ੁਰੂ ਹੋਣ ਵਾਲੇ ਅਫਗਾਨ ਨਵੇਂ ਸਾਲ ਤੋਂ ਬਾਅਦ ਸਾਰੀਆਂ ਕੁੜੀਆਂ ਅਤੇ ਔਰਤਾਂ ਲਈ ਕਲਾਸਾਂ ਖੋਲ੍ਹਣਾ ਚਾਹੁੰਦਾ ਹੈ। ਅਫਗਾਨਿਸਤਾਨ ਗੁਆਂਢੀ ਈਰਾਨ ਵਾਂਗ, ਇਸਲਾਮੀ ਸੂਰਜੀ ਹਿਜਰੀ ਸ਼ਮਸੀ ਕੈਲੰਡਰ ਦੀ ਪਾਲਣਾ ਕਰਦਾ ਹੈ। ਮੁਜਾਹਿਦ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੁੜੀਆਂ ਅਤੇ ਔਰਤਾਂ ਲਈ ਸਿੱਖਿਆ "ਯੋਗਤਾ ਦਾ ਸਵਾਲ ਹੈ।"
ਪੜ੍ਹੋ ਇਹ ਅਹਿਮ ਖਬਰ- ਅੱਜ ਦਾ ਅਫਗਾਨਿਸਤਾਨ! ਤਾਲਿਬਾਨ ਨੇ ਸੰਗੀਤਕਾਰ ਦੇ ਸਾਹਮਣੇ ਸਾੜਿਆ ਸੰਗੀਤ ਯੰਤਰ (ਵੀਡੀਓ)
ਉਨ੍ਹਾਂ ਕਿਹਾ ਕਿ ਕੁੜੀਆਂ ਅਤੇ ਮੁੰਡਿਆਂ ਲਈ ਸਕੂਲਾਂ ਵਿੱਚ ਪੂਰੀ ਤਰ੍ਹਾਂ ਵੱਖਰਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਲੋੜੀਂਦੇ ਹੋਸਟਲਾਂ ਨੂੰ ਲੱਭਣਾ ਜਾਂ ਬਣਾਉਣਾ ਹੈ ਜਿੱਥੇ ਕੁੜੀਆਂ ਸਕੂਲ ਜਾਣ ਸਮੇਂ ਰਹਿ ਸਕਣ। ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਮੁੰਡੇ-ਕੁੜੀਆਂ ਲਈ ਵੱਖ-ਵੱਖ ਜਮਾਤਾਂ ਦਾ ਹੋਣਾ ਕਾਫੀ ਨਹੀਂ, ਸਕੂਲ ਦੀ ਵੱਖਰੀ ਇਮਾਰਤ ਦੀ ਲੋੜ ਹੈ। ਮੁਜਾਹਿਦ ਨੇ ਕਿਹਾ ਕਿ ਅਸੀਂ ਕੁੜੀਆਂ ਦੀ ਸਿੱਖਿਆ ਦੇ ਖ਼ਿਲਾਫ਼ ਨਹੀਂ ਹਾਂ। ਤਾਲਿਬਾਨ ਦੇ ਹੁਕਮ ਹੁਣ ਤੱਕ ਇਕਸਾਰ ਨਹੀਂ ਹੋਏ ਹਨ ਅਤੇ ਉਹ ਸੂਬੇ ਤੋਂ ਸੂਬੇ ਵਿਚ ਬਦਲਦੇ ਰਹਿੰਦੇ ਹਨ। ਦੇਸ਼ ਦੇ 34 ਸੂਬਿਆਂ ਵਿੱਚੋਂ ਲਗਭਗ 10 ਸੂਬਿਆਂ ਨੂੰ ਛੱਡ ਕੇ ਸੱਤਵੀਂ ਜਮਾਤ ਤੋਂ ਬਾਅਦ ਕੁੜੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਜਮਾਤਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਰਾਜਧਾਨੀ ਕਾਬੁਲ ਵਿੱਚ ਹਾਲਾਂਕਿ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਹਾਈ ਸਕੂਲ ਨਿਰਵਿਘਨ ਕੰਮ ਕਰਨਾ ਜਾਰੀ ਰੱਖਦੇ ਹਨ। ਮੁਜਾਹਿਦ ਨੇ ਕਿਹਾ ਕਿ ਮੁੰਡੇ ਅਤੇ ਕੁੜੀਆਂ ਨੂੰ ਹਮੇਸ਼ਾ ਛੋਟੇ ਸਮੂਹਾਂ ਵਿੱਚ ਵੱਖ ਕੀਤਾ ਜਾਂਦਾ ਹੈ। ਅਸੀਂ ਆਉਣ ਵਾਲੇ ਸਾਲ ਤੱਕ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਸਕੂਲ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਸਕਣ।