ਸੀਰੀਆਈ ਹਥਿਆਰਾਂ ਦੇ ਗੋਦਾਮ ''ਚ ਹੋ ਗਿਆ ਧਮਾਕਾ ! ਘੱਟੋ-ਘੱਟ 14 ਲੋਕਾਂ ਦੀ ਗਈ ਜਾਨ
Thursday, Sep 10, 2026 - 10:38 AM (IST)
ਇੰਟਰਨੈਸ਼ਨਲ ਡੈਸਕ- ਉੱਤਰ-ਪੱਛਮੀ ਸੀਰੀਆ 'ਚ ਬੁੱਧਵਾਰ ਨੂੰ ਹਥਿਆਰਾਂ ਦੇ ਇਕ ਗੋਦਾਮ ’ਚ ਹੋਏ ਧਮਾਕੇ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ, ਇਦਲਿਬ ਸੂਬੇ ਦੇ ਸਰਮਦਾ ਕਸਬੇ ਨੇੜੇ ਹੋਏ ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਇਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲੀ ਜੰਗ ਨਾਲ ਤਬਾਹ ਹੋਏ ਸੀਰੀਆ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ।
ਸਰਕਾਰੀ ਸਮਾਚਾਰ ਏਜੰਸੀ ਸਨਾ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਗੋਦਾਮ ਦੀ ਵਰਤੋਂ 2011 ਤੋਂ 2024 ਤੱਕ ਚੱਲੀ ਬਗਾਵਤ ਅਤੇ ਗ੍ਰਹਿ ਯੁੱਧ ਦੌਰਾਨ ਬਚੇ ਹਥਿਆਰਾਂ ਅਤੇ ਗੋਲਾ-ਬਾਰੂਦ ਨੂੰ ਰੱਖਣ ਲਈ ਕੀਤੀ ਜਾ ਰਹੀ ਸੀ।
ਹਾਲਾਂਕਿ, ਏਜੰਸੀ ਨੇ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ। ਸੀਰੀਆਈ ਨਾਗਰਿਕ ਸੁਰੱਖਿਆ ਅਤੇ ਸੀਰੀਅਨ ਰੈੱਡ ਕ੍ਰਿਸੈਂਟ ਦੇ ਬਚਾਅ ਕਰਮਚਾਰੀ ਮਲਬੇ ਵਿਚ ਫਸੇ ਲੋਕਾਂ ਦੀ ਭਾਲ ’ਚ ਜੁਟੇ ਹੋਏ ਹਨ। ਧਮਾਕੇ ਤੋਂ ਬਾਅਦ ਵਾਇਰਲ ਹੋਈ ਵੀਡੀਓ ਵਿਚ ਕਾਲੇ ਧੂੰਏਂ ਦਾ ਇਕ ਵੱਡਾ ਗੁਬਾਰ ਦਿਖਾਈ ਦਿੱਤਾ, ਜਦਕਿ ਛੋਟੇ-ਛੋਟੇ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਸਨ।
