ਸੂਰਜ ਵੱਲ ਵਧ ਰਿਹੈ ਅਰਬਾਂ ਸਾਲ ਪੁਰਾਣਾ ਧੂਮਕੇਤੂ 3I/ATLAS, ਕੀ ਧਰਤੀ ਨਾਲ ਹੋਵੇਗੀ ਇਸ ਦੀ ਟੱਕਰ?
Wednesday, Oct 29, 2025 - 12:11 PM (IST)
ਵੈੱਬ ਡੈਸਕ- ਪੁਲਾੜ ਵਿਗਿਆਨੀਆਂ ਨੇ ਇਕ ਹੈਰਾਨ ਕਰ ਦੇਣ ਵਾਲੀ ਖੋਜ ਕੀਤੀ ਹੈ — ਧੂਮਕੇਤੂ 3I/ATLAS, ਜੋ ਸਾਡੇ ਸੂਰਜ ਮੰਡਲ ਤੋਂ ਬਾਹਰੋਂ ਆਇਆ ਹੈ, ਹੁਣ ਸੂਰਜ ਵੱਲ ਵਧ ਰਿਹਾ ਹੈ। ਇਹ ਸੂਰਜ ਮੰਡਲ 'ਚ ਦਾਖਲ ਹੋਣ ਵਾਲੀ ਤੀਜੀ ਬਾਹਰੀ ਵਸਤੂ ਹੈ। ਇਸ ਤੋਂ ਪਹਿਲਾਂ 2017 'ਚ “ਓਊਮੁਆਮੁਆ” ਅਤੇ 2019 'ਚ “ਬੋਰਿਸੋਵ” ਨਾਮਕ ਧੂਮਕੇਤੂ ਮਿਲੇ ਸਨ।
ਕਿੱਥੋਂ ਆਇਆ ਇਹ ਧੂਮਕੇਤੂ?
1 ਜੁਲਾਈ 2025 ਨੂੰ ਚਿਲੀ ਦੇ ATLAS (Asteroid Terrestrial-Impact Last Alert System) ਨੇ ਆਸਮਾਨ 'ਚ ਇਕ ਅਜੀਬ ਚਮਕਦਾਰ ਵਸਤੂ ਦੇਖੀ। ਜਾਂਚ 'ਚ ਪਤਾ ਲੱਗਾ ਕਿ ਇਹ ਸਧਾਰਣ ਧੂਮਕੇਤੂ ਨਹੀਂ, ਸਗੋਂ ਸੂਰਜ ਮੰਡਲ ਤੋਂ ਬਾਹਰ ਦਾ ਯਾਤਰੀ ਹੈ। ਇਸ ਦਾ ਨਾਮ ਰੱਖਿਆ ਗਿਆ 3I/ATLAS।
ਚਿੱਲੀ ਦੇ ਵਿਗਿਆਨੀਆਂ ਦੀ ਖੋਜ
ਚਿਲੀ, ਬੈਲਜੀਅਮ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਅਤੇ ਇਟਲੀ ਦੇ ਵਿਗਿਆਨੀ ਇਸ ‘ਤੇ ਸਾਂਝੀ ਰਿਸਰਚ ਕਰ ਰਹੇ ਹਨ। ਉਨ੍ਹਾਂ ਨੇ ਚਿਲੀ ਦੇ Very Large Telescope (VLT) ਨਾਲ ਇਸ ਦਾ ਅਧਿਐਨ ਕੀਤਾ। ਇਸ 'ਚੋਂ ਨਿੱਕਲ (Nickel) ਨਾਮਕ ਧਾਤੂ ਭਾਫ ਦੇ ਰੂਪ 'ਚ ਮਿਲੀ — ਜੋ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਇੰਨੀ ਠੰਡੀ ਜਗ੍ਹਾ ‘ਤੇ ਧਾਤੂ ਦਾ ਉੱਡਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ।
ਠੰਡ 'ਚ ਧਾਤੂ ਕਿਵੇਂ ਬਣੀ ਭਾਫ?
ਧਾਤਾਂ ਨੂੰ ਭਾਫ ਬਣਨ ਲਈ 1000°C ਤੋਂ ਵੱਧ ਤਾਪਮਾਨ ਦੀ ਲੋੜ ਹੁੰਦੀ ਹੈ। ਪਰ ਜਦੋਂ 3I/ATLAS ਸੂਰਜ ਤੋਂ 3.88 AU ਦੂਰ ਸੀ, ਤਾਪਮਾਨ -150°C ਦੇ ਨੇੜੇ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਨਿੱਕਲ ਸ਼ਾਇਦ ਕਾਰਬਨ ਮੋਨੋਆਕਸਾਈਡ (CO) ਜਾਂ ਹੋਰ ਆਰਗੈਨਿਕ ਅਣੂਆਂ ਨਾਲ ਬੱਝਾ ਹੋਇਆ ਸੀ, ਜੋ ਸੂਰਜ ਦੀ ਅਲਟਰਾ ਵਾਇਓਲਟ ਰੇਜ਼ ਨਾਲ ਟੁੱਟ ਕੇ ਨਿਕਲ ਨੂੰ ਆਜ਼ਾਦ ਕਰ ਦਿੰਦੇ ਹਨ।
ਜੈਮਜ਼ ਵੇਬ ਟੈਲੀਸਕੋਪ ਦੀ ਪੁਸ਼ਟੀ
James Webb Space Telescope (JWST) ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਜਦੋਂ ਧੂਮਕੇਤੂ ਦੇ ਆਲੇ-ਦੁਆਲੇ ਬਣੇ ਗੈਸੀਲੇ ਬੱਦਲ (ਕੋਮਾ) ਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇਸ 'ਚ ਪਾਣੀ ਨਾਲੋਂ ਵੱਧ ਕਾਰਬਨ ਡਾਈਆਕਸਾਈਡ (CO₂) ਹੈ — ਜੋ ਆਮ ਧੂਮਕੇਤੂਆਂ ਤੋਂ ਬਿਲਕੁਲ ਵੱਖ ਹੈ।
ਪੁਰਾਣੇ ਸਮੇਂ ਦਾ ਸੰਦੇਸ਼ਵਾਹਕ
ਇਹ ਧੂਮਕੇਤੂ ਅਰਬਾਂ ਸਾਲ ਪੁਰਾਣਾ ਮੰਨਿਆ ਜਾ ਰਿਹਾ ਹੈ — ਸ਼ਾਇਦ ਸਾਡੇ ਸੂਰਜ ਮੰਡਲ ਤੋਂ ਵੀ ਪਹਿਲਾਂ ਬਣਿਆ ਹੋਵੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਅਜਿਹੀ “ਸਮੇਂ ਦੀ ਕੈਪਸੂਲ” ਵਸਤੂਆਂ ਹਨ, ਜੋ ਦੂਰ-ਦੁਰ ਦੇ ਤਾਰਾ ਮੰਡਲਾਂ ਦੀ ਰਸਾਇਣਕ ਅਤੇ ਭੌਤਿਕ ਜਾਣਕਾਰੀ ਲਿਆਉਂਦੀਆਂ ਹਨ।
ਕਦੋਂ ਪਹੁੰਚੇਗਾ ਸੂਰਜ ਦੇ ਨੇੜੇ?
3I/ATLAS 29 ਅਕਤੂਬਰ 2025 ਨੂੰ ਸੂਰਜ ਦੇ ਸਭ ਤੋਂ ਨੇੜੇ (Perihelion) ਪਹੁੰਚੇਗਾ। ਉਸ ਵੇਲੇ ਇਹ ਧਰਤੀ ਤੋਂ ਲਗਭਗ 2-3 ਗੁਣਾ ਵੱਧ ਦੂਰੀ ‘ਤੇ ਹੋਵੇਗਾ, ਇਸ ਲਈ ਕਿਸੇ ਵੀ ਟਕਰਾਅ ਦਾ ਖਤਰਾ ਨਹੀਂ।
ਧਰਤੀ ਲਈ ਕੋਈ ਖਤਰਾ ਨਹੀਂ
31/ATLAS ਧਰਤੀ ਨਾਲ ਨਹੀਂ ਟਕਰਾਏਗਾ। ਨਾਸਾ ਅਤੇ ATLAS ਜਿਹੇ ਪ੍ਰਣਾਲੀਆਂ ਪਹਿਲਾਂ ਹੀ ਇਸ ਦਾ ਰਸਤਾ ਗਿਣ ਚੁੱਕੀਆਂ ਹਨ। ਇਹ ਧੂਮਕੇਤੂ ਸਿਰਫ ਲੰਘੇਗਾ ਅਤੇ 2026 ਤੱਕ ਸੂਰਜ ਮੰਡਲ ਤੋਂ ਬਾਹਰ ਚਲਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
