50 ਜ਼ਿਲ੍ਹਿਆਂ ''ਚ State Of Emergency ! ਬੈਂਕਾਕ ਪ੍ਰਸ਼ਾਸਨ ਨੇ ਕੀਤਾ ਐਲਾਨ
Saturday, Sep 26, 2026 - 01:39 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ 'ਚ ਆਏ ਹੜ੍ਹਾਂ ਨੇ ਜਦੋਂ ਵੱਡਾ ਕਹਿਰ ਵਰ੍ਹਾਇਆ ਸੀ ਤਾਂ ਪੂਰੀ ਦੁਨੀਆ ਹੜ੍ਹ ਦੇ ਨਾਂ ਤੋਂ ਹੀ ਡਰਨ ਲੱਗ ਪਈ ਸੀ। ਇਸੇ ਦੌਰਾਨ ਕੁਦਰਤ ਦਾ ਕਹਿਰ ਦੱਖਣੀ ਏਸ਼ੀਆਈ ਦੇਸ਼ ਥਾਈਲੈਂਡ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਬੈਂਕਾਕ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਬੇਹੱਦ ਮੁਸ਼ਕਲ ਬਣੇ ਹੋਏ ਹਨ। ਸ਼ਹਿਰ ਦੀਆਂ ਸੜਕਾਂ ਤੋਂ ਲੈ ਕੇ ਕਈ ਘਰ ਵੀ ਪਾਣੀ 'ਚ ਡੁੱਬ ਗਏ ਹਨ, ਜਿਸ ਤੋਂ ਬਾਅਦ ਬੈਂਕਾਕ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ 50 ਜ਼ਿਲ੍ਹਿਆਂ 'ਚ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਬੈਂਕਾਕ ਦੇ ਗਵਰਨਰ ਚੈਡਚਾਰਟ ਸਿਟੀਪੁੰਟ ਅਨੁਸਾਰ ਵੀਰਵਾਰ ਦੁਪਹਿਰ ਤੋਂ ਲੈ ਕੇ ਹੁਣ ਤੱਕ ਲਗਭਗ 300 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਸ਼ਹਿਰ ਦੀਆਂ ਸਾਰੀਆਂ ਮੁੱਖ ਨਹਿਰਾਂ ਅਤੇ ਡ੍ਰੇਨੇਜ ਸਿਸਟਮ ਪੂਰੀ ਤਰ੍ਹਾਂ ਭਰ ਚੁੱਕੇ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ 'ਚ ਭਾਰੀ ਰੁਕਾਵਟ ਆ ਰਹੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਸੂਬੇ 'ਚ ਸਟੇਟ ਆਫ਼ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ
ਸਟੇਟ ਆਫ਼ ਐਮਰਜੈਂਸੀ ਦੇ ਐਲਾਨ ਨਾਲ ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਏਜੰਸੀਆਂ ਨੂੰ ਰਾਹਤ ਕਾਰਜਾਂ ਲਈ ਵਿਸ਼ੇਸ਼ ਅਧਿਕਾਰ ਅਤੇ ਫੰਡ ਮਿਲਣਗੇ। ਇਸ 'ਚ ਅਸਥਾਈ ਸ਼ੈਲਟਰ ਬਣਾਉਣਾ, ਮਰੀਜ਼ਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਸ਼ਾਮਲ ਹੈ।
3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਲੱਕ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸਥਾਨਕ ਲੋਕ ਇਸ ਹੜ੍ਹ ਦੀ ਤੁਲਨਾ 2011 ਦੇ ਵਿਨਾਸ਼ਕਾਰੀ ਹੜ੍ਹਾਂ ਨਾਲ ਕਰ ਰਹੇ ਹਨ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਆਪਣੀਆਂ ਗੱਡੀਆਂ ਉੱਚੀਆਂ ਥਾਵਾਂ 'ਤੇ ਪਾਰਕ ਕਰਨ ਦੀ ਸਲਾਹ ਦਿੱਤੀ ਹੈ। MRT ਪਾਰਕ-ਐਂਡ-ਰਾਈਡ ਸਟੇਸ਼ਨਾਂ 'ਚ ਵਾਹਨਾਂ ਲਈ 2 ਅਕਤੂਬਰ ਤੱਕ ਮੁਫ਼ਤ ਪਾਰਕਿੰਗ ਦਿੱਤੀ ਜਾ ਰਹੀ ਹੈ।
ਇਸੇ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵਿਰਾਕੁਲ ਆਪਣੇ ਲੰਡਨ ਦੌਰੇ ਨੂੰ ਵਿਚਾਲੇ ਛੱਡ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਵਾਪਸ ਥਾਈਲੈਂਡ ਪਰਤ ਰਹੇ ਹਨ। ਡਿਜ਼ਾਸਟਰ ਪ੍ਰੀਵੈਂਸ਼ਨ ਐਂਡ ਮਿਟੀਗੇਸ਼ਨ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਐਤਵਾਰ ਤੱਕ ਮੱਧ, ਪੂਰਬੀ ਅਤੇ ਉੱਤਰ-ਪੂਰਬੀ ਥਾਈਲੈਂਡ ਵਿੱਚ ਹੋਰ ਭਾਰੀ ਬਾਰਿਸ਼, ਹੜ੍ਹ ਅਤੇ ਲੈਂਡਸਲਾਈਡ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
