ਸਕਾਟਲੈਂਡ ''ਚ ਵੀ ਬਹੁੜਿਆ ''ਓਮੀਕਰੋਨ'' ਵੇਰੀਐਂਟ, 6 ਮਾਮਲੇ ਆਏ ਸਾਹਮਣੇ

Monday, Nov 29, 2021 - 05:18 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ/ਭਾਸ਼ਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ 6 ਕੇਸ ਸਾਹਮਣੇ ਆਏ ਹਨ, ਜਿਸ ਨਾਲ ਬ੍ਰਿਟੇਨ ਵਿਚ ਕੇਸਾਂ ਦੀ ਕੁੱਲ ਗਿਣਤੀ 9 ਹੋ ਗਈ ਹੈ।  ਇਸ ਤੋਂ ਪਹਿਲਾਂ ਬ੍ਰਿਟੇਨ ਵਿਚ ਓਮੀਕਰੋਨ ਦੇ 3 ਮਾਮਲੇ ਸਾਹਮਣੇ ਆਏ ਸਨ। ਸਕਾਟਿਸ਼ ਸਰਕਾਰ ਨੇ ਕਿਹਾ ਕਿ ਚਾਰ ਮਾਮਲੇ ਲੈਨਰਕਸ਼ਾਇਰ ਵਿਚ ਅਤੇ 2 ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿਚ ਸਾਹਮਣੇ ਆਏ ਹਨ। ਸਿਹਤ ਮਾਹਿਰਾਂ ਅਨੁਸਾਰ ਬਹੁਤ ਜ਼ਿਆਦਾ ਫੈਲਣ ਵਾਲਾ ਇਹ ਵਾਇਰਸ ਹੁਣ ਸਰਹੱਦ ਦੇ ਉੱਤਰ ਵਿੱਚ ਫੈਲ ਰਿਹਾ ਹੈ। ਸਕਾਟਲੈਂਡ ਵਿਚ ਪਬਲਿਕ ਹੈਲਥ ਟੀਮਾਂ ਉਨ੍ਹਾਂ ਲੋਕਾਂ ਦੇ ਕਿਸੇ ਵੀ ਨਜ਼ਦੀਕੀ ਸੰਪਰਕ ਨੂੰ ਟਰੈਕ ਕਰਨ ਲਈ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੇ ਓਮੀਕਰੋਨ ਲਈ ਪਾਜੇਟਿਵ ਟੈਸਟ ਕੀਤਾ ਹੈ।

ਸਕਾਟਲੈਂਡ ਦੇ ਸਿਹਤ ਮੰਤਰੀ ਹਮਜ਼ਾ ਯੂਸਫ਼ ਨੇ ਕਿਹਾ, "ਨਵੇਂ ਵੇਰੀਐਂਟ ਨਾਲ ਪੀੜਤ ਪਾਏ ਗਏ 6 ਲੋਕਾਂ ਲਈ ਇਹ ਚਿੰਤਾਜਨਕ ਸਮਾਂ ਹੋਵੇਗਾ।" ਉਨ੍ਹਾਂ ਕਿਹਾ, 'ਸਕਾਟਲੈਂਡ ਦਾ ਸਿਹਤ ਵਿਭਾਗ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਇਕ ਮੁਹਿੰਮ ਚਲਾਏਗਾ। ਇਸ ਨਾਲ ਵਾਇਰਸ ਦੀ ਉਤਪਤੀ ਦੇ ਨਾਲ ਹੀ ਹਾਲ ਹੀ ਦੇ ਹਫ਼ਤਿਆਂ ਵਿਚ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਕਿਸੇ ਵੀ ਹੋਰ ਵਿਅਕਤੀ ਜਾ ਪਤਾ ਲਗਾਉਣ ਵਿਚ ਮਦਦ ਮਿਲੇਗੀ।' ਸਿਹਤ ਮਾਹਰਾਂ ਅਨੁਸਾਰ ਓਮੀਕਰੋਨ ਵੇਰੀਐਂਟ ਬਾਰੇ ਅਜੇ ਵੀ ਬਹੁਤ ਕੁੱਝ ਸਿੱਖਣਾ ਬਾਕੀ ਹੈ। ਇਸਦੀ ਗੰਭੀਰਤਾ, ਫੈਲਾਅ ਅਤੇ ਇਲਾਜ ਜਾਂ ਟੀਕਿਆਂ ਪ੍ਰਤੀ ਜਵਾਬ ਬਾਰੇ ਸਵਾਲ ਬਾਕੀ ਹਨ ਅਤੇ ਵਿਗਿਆਨੀ ਵਾਧੂ ਜਾਣਕਾਰੀ ਪ੍ਰਾਪਤ ਕਰਨ ਲਈ ਨਾਲ ਕੰਮ ਕਰ ਰਹੇ ਹਨ। ਸਕਾਟਲੈਂਡ ਸਰਕਾਰ ਵੱਲੋਂ ਇਸ ਵੇਰੀਐਂਟ ਦੇ ਨਾਲ ਨਜਿੱਠਣ ਲਈ ਨਵੇਂ ਨਿਯਮਾਂ ਦੇ ਨਾਲ ਨਾਲ ਲੋਕਾਂ ਨੂੰ ਵੀ ਸਾਵਧਾਨੀਆਂ ਵਰਤਣ ਦੀ ਤਾਕੀਦ ਕੀਤੀ ਜਾ ਰਹੀ ਹੈ।


cherry

Content Editor

Related News