ਕੋਰੋਨਾ ਤੋਂ ਬਚਣ ਲਈ ਕਾਫੀ ਨਹੀਂ ਹੈ 'ਦੋ ਗਜ਼ ਦੀ ਦੂਰੀ'!

05/20/2020 2:42:36 PM

ਲੰਡਨ- ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਣ ਲਈ ਮੌਜੂਦਾ ਸਮੇਂ ਵਿਚ ਸਰੀਰਕ ਦੂਰੀ ਨੂੰ ਸਭ ਤੋਂ ਕਾਰਗਰ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਨਾਅਰਾ ਵੀ ਦਿੱਤਾ ਹੈ ਕਿ 'ਦੋ ਗਜ਼ ਦੀ ਦੂਰੀ ਹੈ ਜ਼ਰੂਰੀ'। ਪਰੰਤੂ ਕੁਝ ਹੋਰ ਰਿਸਰਚਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਦੋ ਗਜ਼ ਮਤਲਬ ਤਕਰੀਬਨ 6 ਫੁੱਟ ਦੀ ਦੂਰੀ ਕਾਫੀ ਨਹੀਂ ਹੈ। ਨਵੇਂ ਰਿਸਰਚ ਮੁਤਾਬਕ ਜੇਕਰ ਤੁਸੀਂ 10 ਫੁੱਟ ਦੀ ਸਰੀਰਕ ਦੂਰੀ ਦਾ ਵੀ ਪਾਲਣ ਕਰਦੇ ਹੋ ਤਾਂ ਵੀ ਇਸ ਜਾਨਲੇਵਾ ਵਾਇਰਸ ਦੀ ਗ੍ਰਿਫਤ ਵਿਚ ਆ ਸਕਦੇ ਹੋ।

ਕੋਰੋਨਾ ਵਾਇਰਸ ਨੂੰ ਲੈ ਕੇ ਆਏ ਦਿਨ ਨਵੀਆਂ ਰਿਸਰਚਾਂ ਸਾਹਮਣੇ ਆ ਰਹੀਆਂ ਹਨ। ਨਵੀਂ ਰਿਸਰਚ ਮੁਤਾਬਕ ਘੱਟ ਹਵਾ ਦੀ ਗਤੀ ਵਿਚ ਇਕ ਹਲਕੀ ਖੰਘ ਦੀ ਲਾਰ ਦੀਆਂ ਬੂੰਦਾਂ 10 ਫੁੱਟ ਤੱਕ ਜਾ ਸਕਦੀਆਂ ਹਨ। ਅਜਿਹੇ ਵਿਚ ਜੇਕਰ ਕੋਈ 6 ਫੁੱਟ ਦੀ ਦੂਰੀ ਦਾ ਪਾਲਣ ਕਰ ਰਿਹਾ ਹੈ ਤਾਂ ਉਹ ਵੀ ਇਨਫੈਕਟਿਡ ਹੋ ਸਕਦਾ ਹੈ। 

ਸਾਈਪ੍ਰਸ ਵਿਚ ਨਿਕੋਸਿਆ ਯੂਨੀਵਰਸਿਟੀ ਦੇ ਖੋਜਕਾਰਾਂ ਸਣੇ ਹੋਰ ਮਾਹਰਾਂ ਵਲੋਂ ਕੀਤੀ ਗਈ ਰਿਸਰਚ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਸਾਨੂੰ ਬਹੁਤ ਅਹਿਤਿਆਤ ਵਰਤਣ ਦੀ ਲੋੜ ਹੈ। ਫਿਜ਼ੀਕਸ ਆਫ ਫਲੁਇਸ ਨਾਮਕ ਮੈਗੇਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਉਹਨਾਂ ਕਿਹਾ ਕਿ ਤਕਰੀਬਨ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਮਾਮੂਲੀ ਹਵਾ ਦੇ ਨਾਲ ਵੀ ਲਾਰ 5 ਸਕਿੰਟ ਵਿਚ 18 ਫੁੱਟ ਦੀ ਦੂਰੀ ਤੈਅ ਕਰ ਸਕਦੀ ਹੈ। ਨਾਲ ਹੀ ਦੱਸਿਆ ਗਿਆ ਕਿ ਖੰਘ ਹੋਣ 'ਤੇ ਨਿਕਲਣ ਵਾਲੀ ਲਾਰ ਦੇ ਕਣ ਵੱਖ-ਵੱਖ ਉਚਾਈਆਂ ਦੇ ਬਾਲਗਾਂ ਤੇ ਬੱਚਿਆਂ ਦੋਵਾਂ ਨੂੰ ਪ੍ਰਭਾਵਿਤ ਕਰਨਗੇ। ਵਿਗਿਆਨੀਆਂ ਮੁਤਾਬਕ ਛੋਟੀ ਹਾਈਟ ਵਾਲੇ ਬਾਲਗ ਤੇ ਬੱਚਿਆਂ ਨੂੰ ਵਧੇਰੇ ਜੋਖਿਮ ਹੋ ਸਕਦਾ ਹੈ, ਜੇਕਰ ਉਹ ਲਾਰ ਦੀਆਂ ਬੂੰਦਾਂ ਦੀ ਦਿਸ਼ਾ ਵਿਚ ਹੋਣ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਅਜੇ ਤੱਕ ਕੋਈ ਦਵਾਈ ਜਾਂ ਵੈਕਸੀਨ ਨਹੀਂ ਬਣੀ ਹੈ। ਦੁਨੀਆ ਭਰ ਵਿਚ ਹੁਣ ਤੱਕ ਤਕਰੀਬਨ 50 ਲੱਖ ਲੋਕ ਕੋਰੋਨਾ ਵਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉਥੇ ਹੀ 3.24 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਬਾਵਜੂਦ ਦੁਨੀਆ ਭਰ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੇ ਲਈ ਕਈ ਦੇਸ਼ਾਂ ਨੇ ਲਾਕਡਾਊਨ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਅਜਿਹੇ ਵਿਚ ਜੇਕਰ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ ਤਾਂ ਇਨਫੈਕਸ਼ਨ ਦੀ ਲਪੇਟ ਵਿਚ ਆ ਸਕਦੇ ਹਨ। ਹਾਲਾਂਕਿ ਕੋਵਿਡ-19 ਇਕ ਨਵਾਂ ਵਾਇਰਸ ਹੈ, ਇਸ ਲਈ ਇਸ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਡੇ ਕੋਲ ਪਹਿਲਾਂ ਤੋਂ ਉਪਲੱਬਧ ਨਹੀਂ ਹੈ। ਜਿਵੇਂ-ਜਿਵੇਂ ਇਸ ਦਿਸ਼ਾ ਵਿਚ ਰਿਸਰਚ ਹੋ ਰਹੀ ਹੈ, ਨਵੀਆਂ-ਨਵੀਆਂ ਗੱਲਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। 


Baljit Singh

Content Editor

Related News