ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਗਾਇਕ ਰਾਜ ਦਦਰਾਲ ਵਿਸ਼ੇਸ਼ ਵਿਸ਼ੇਸ਼ ਸਨਮਾਨਿਤ
Monday, Sep 07, 2026 - 07:54 PM (IST)
ਰੋਮ, ਇਟਲੀ (ਟੇਕ ਚੰਦ) : ਸਮਾਜ ਦੇ ਹਰ ਪਹਿਲੂ ਵਿੱਚ ਸੇਵਾ ਲਈ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਟੇਕ ਚੰਦ ਜਗਤਪੁਰ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਗਾਇਕ ਰਾਜ ਦਦਰਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸਰਬਜੀਤ ਸਿੰਘ ਜਗਤਪੁਰ, ਸੁੱਚਾ ਸਿੰਘ ਮੱਲਪੁਰੀਆ, ਅਮਨ ਸੰਧੂ, ਸ਼ਿੰਦਾ ਮੱਲਪੁਰੀਆ, ਡਾ ਨਵਦੀਪ ਸਿੰਘ, ਜਗਦੀਸ਼ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਗਾਇਕ ਹੈਪੀ ਲੈਰਾ ਵੱਲੋਂ ਧਾਰਮਿਕ ਗੀਤ ਨਾਲ ਕੀਤੀ ਗਈ। ਇਸ ਤੋਂ ਬਾਅਦ ਗਾਇਕ ਹੈਪੀ ਲੈਰਾ ਨੇ ਆਪਣੇ ਚਰਚਿਤ ਗੀਤ “ਲੜਨ ਤੋਂ ਪਿੱਛੋਂ ਬੋਲਣਾ ਯਾਰੋ ਬਾਹਲਾ ਚੰਗਾ ਲੱਗਦਾ” ਨਾਲ ਸਰੋਤਿਆਂ ਦਾ ਮਨ ਮੋਹ ਲਿਆ।
ਗਾਇਕ ਪੰਮਾ ਲਧਾਣਾ ਨੇ “ਤੇਰੇ ਟਿੱਲੇ ਤੋਂ ਸੂਰਤ ਦੀ ਆ ਹੀਰ ਦੀ” ਗੀਤ ਪੇਸ਼ ਕਰ ਕੇ ਆਪਣੀ ਗਾਇਕੀ ਦਾ ਵੱਖਰਾ ਰੰਗ ਪੇਸ਼ ਕੀਤਾ। ਇਸ ਉਪਰੰਤ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਗਾਇਕ ਰਾਜ ਦਦਰਾਲ ਨੇ ਆਪਣੇ ਪ੍ਰਸਿੱਧ ਗੀਤ “ਬਾਪੂ” ਰਾਹੀਂ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਸੱਭਿਆਚਾਰਕ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਦਾ ਅਹਿਸਾਸ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ “ਉਹ ਸੂਰਮੇ ਹੁੰਦੇ ਨੇ ਜੋ ਨਾਲ ਕਮਜ਼ੋਰਾਂ ਦੇ ਖੜ੍ਹਦੇ” ਗੀਤ ਵੀ ਪੇਸ਼ ਕੀਤਾ। ਇਸ ਮੌਕੇ ਗਾਇਕ ਰਾਜ ਦਦਰਾਲ ਨੇ ਕਿਹਾ ਕਿ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਦਿੱਤਾ ਗਿਆ ਮਾਣ-ਸਨਮਾਨ ਉਨ੍ਹਾਂ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਮਾਣ-ਸਨਮਾਨ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਨੇ ਟਰੱਸਟ ਦੀ ਸਮੁੱਚੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਟਰੱਸਟ ਵੱਲੋਂ ਗਾਇਕ ਰਾਜ ਦਦਰਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਾਇਕ ਪੰਮਾ ਲਧਾਣਾ ਵੱਲੋਂ ਵੀ ਉਨ੍ਹਾਂ ਨੂੰ ਸ਼ਾਨਦਾਰ ਘੜੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਟਰੱਸਟ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਅਤੇ ਗਾਇਕਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਮੂਹ ਗਾਇਕਾਂ ਨੇ ਬੋਲੀਆਂ ਪਾ ਕੇ ਮੇਲੇ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਡਾ. ਨਵਦੀਪ ਸਿੰਘ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ, ਗਾਇਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਕੀ ,ਅਮਨ ,ਸੋਨੂੰ ,ਭੁਪਿੰਦਰ ਸਿੰਘ ਮਾਨ, ਸੁਖਦੇਵ ਸਿੰਘ ਮਾਨ,ਟਿਕਾ ਸਿੰਘ ਮਾਨ,ਆਦਿ ਹਾਜ਼ਰ ਸਨ।
