ਯਾਦਗਾਰੀ ਹੋ ਨਿੱਬੜਿਆ ਬ੍ਰਿਸਬੇਨ 'ਚ ਗਾਇਕ ਹਰਭਜਨ ਮਾਨ ਦਾ ਸ਼ੋਅ
Sunday, Aug 18, 2024 - 03:36 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਨਾਲ ਦੇਸੀ ਰੌਕਸ ਦੇ ਮਨਮੋਹਨ ਸਿੰਘ, ਗ੍ਰਿਫਿਨ ਕਾਲਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋ ਖਚਾਖਚ ਭਰੇ ਹਾਲ ਵਿੱਚ ਦਸਤਕ ਦਿੱਤੀ ਗਈ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਨਾਲ ਗੂਜ ਉੱਠਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ’ਚ ਗੀਤ "ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’, ਮੌਜ ਮਸਤੀਆ ਮਾਣ, 'ਮੈ ਵਾਰੀ ਮੈ ਵਾਰੀ ਸੰਮੀਏ," ‘ਮਾਵਾਂ ਮਾਵਾਂ ਮਾਵਾਂ ਮਾ ਜੱਨਤ ਦਾ ਪ੍ਰਛਾਵਾ ‘ਮਾਵਾਂ ਠੰਡੀਆਂ ਛਾਵਾਂ’ ਨਾਲ ਮਾਂ ਦੀ ਮਮਤਾ ਤੇ ਪ੍ਰਮਾਤਮਾ ਦੀ ਇਬਾਦਿਤ ਕਰਦਿਆਂ ਕੀਤੀ।
ਉਪਰੰਤ ਇੱਕ ਤੋ ਵੱਧ ਇੱਕ ਪ੍ਰਸਿੱਧ ਗੀਤ ਜਿਨ੍ਹਾਂ ’ਚ ‘ਜੱਗ ਜਿਉਦਿਆਂ ਦੇ ਮੇਲੇ’, ‘ਗੱਲਾ ਗੋਰੀਆਂ ਦੇ ਵਿੱਚ ਟੋਏ’, ‘ਯਾਦਾ ਰਹਿ ਜਾਣੀਏ’,‘ ਚਿੱਠੀਏ ਨੀ ਚਿੱਠੀਏ’,‘ਠਹਿਰ ਜਿੰਦੜੀਏ ਠਹਿਰ’ 'ਕੰਗਣਾਂ', ਧੀਆਂ ਆਦਿ ਅਨੇਕਾ ਗੀਤਾਂ ਨਾਲ ਜਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ। ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਰਭਜਨ ਮਾਨ ਦੇ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦਰੱਖਤਾਂ ਦੀ ਛਾਂ ਹੇਠ ਪੀਂਘਾਂ ਝੂਟ ਕੇ ਮਨਾਈਆਂ ਗਈਆਂ ਐਲਕ ਗਰੋਵ ਪਾਰਕ ਦੀਆਂ ਤੀਆਂ
ਮੁੱਖ ਪ੍ਰਬੰਧਕ ਮਨਮੋਹਨ ਸਿੰਘ ਤੇ ਗਾਇਕ ਹਰਭਜਨ ਮਾਨ ਵੱਲੋ ਮੁੱਖ ਸਪਾਂਸਰ ਫਾਈਵ ਵਾਟਰਸ ਮਾਈਗ੍ਰੇਸ਼ਨ ਤੇ ਗ੍ਰਿਫਿਨ ਕਾਲਜ ਜਸਪਾਲ ਸੰਧੂ ਤੇ ਜਗਦੀਪ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ। ਦੇਸੀ ਰੌਕਸ ਦੇ ਮਨਮੋਹਨ ਸਿੰਘ ਵੱਲੋ ਸ਼ੋਅ ਦੀ ਸਫਲਤਾ ਲਈ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋ ਬਹੁਤ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਹਰਭਜਨ ਮਾਨ ਦਾ ਇਹ ਸ਼ੋਅ ਵਿਰਸੇ ਦੀ ਬਾਤ ਪਾਉਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਇਥੇ ਜਿਕਰਯੋਗ ਹੈ ਕਿ ਗਾਇਕ ਹਰਭਜਨ ਮਾਨ ਦੀ ਹਰਮਨ- ਪਿਆਰਤਾ ਦਾ ਪਤਾ ਇਥੋ ਲੱਗਦਾ ਹੈ ਕਿ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੋਆ ਵਿੱਚ ਸ਼ੋਅ ਅਨਾਊਂਸ ਹੋਣ ਦੇ 48 ਘੰਟਿਆ ਵਿੱਚ ਹੀ ਸ਼ੋਅ ਸੋਲਡ ਆਊਟ ਹੋ ਗਿਆ। ਇਸ ਸ਼ੋਅ ਮੌਕੇ ਸੁਰਤਾਲ ਅਕੈਡਮੀ ਦੇ ਬੱਚਿਆ ਵੱਲੋ ਗਿੱਧਾ ਭੰਗੜਾਤੇ ਗਿੱਧਾ ਬਾਜਾਂ ਮਾਰਦਾ ਦੀ ਕੁੜੀਆ ਵੱਲੋ ਗਿੱਧਾ ਪਾ ਕੇ ਧਮਾਲਾ ਪਾਈਆ ਗਈਆ। ਅਨੂੰ ਸ਼ਰਮਾ ਤੇ ਜਤਿੰਦਰ ਕੌਰ ਵੱਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।