ਹਾਂਗਕਾਂਗ 'ਚ ਪ੍ਰਦਰਸ਼ਨ ਦੌਰਾਨ 11 ਪੁਲਸ ਕਰਮਚਾਰੀਆਂ ਸਮੇਤ ਕਈ ਜ਼ਖਮੀ

07/15/2019 2:57:19 PM

ਸ਼ਾ ਟਿਨ— ਹਾਂਗਕਾਂਗ ਦੇ ਸ਼ਾ ਟਿਨ ਜ਼ਿਲੇ 'ਚ ਚੀਨ ਹਵਾਲਗੀ ਬਿੱਲ ਖਿਲਾਫ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਹੋਈ ਝੜਪ 'ਚ 11 ਪੁਲਸ ਕਰਮਚਾਰੀਆਂ ਸਣੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ, ਜਿਸ ਦੇ ਬਾਅਦ 30 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਐਤਵਾਰ ਨੂੰ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਹਟਾਉਣ ਦੀ ਕੋਸ਼ਿਸ਼ ਦੇ ਬਾਅਦ ਨਿਊ ਟਾਊਨ ਪਲਾਜਾ ਸ਼ਾਪਿੰਗ ਮਾਲ 'ਚ ਉਨ੍ਹਾਂ ਵਿਚਕਾਰ ਝੜਪ ਸ਼ੁਰੂ ਹੋ ਗਈ। ਰਿਪੋਰਟ ਮੁਤਾਬਕ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੇਪਰ ਸਪ੍ਰੇਅ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੀ ਪੁਲਸ 'ਤੇ ਵੱਖ-ਵੱਖ ਚੀਜ਼ਾਂ ਸੁੱਟੀਆਂ ਅਤੇ ਪੁਲਸ ਨੇ 37 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ।

ਝੜਪ 'ਚ 11 ਪੁਲਸ ਅਧਿਕਾਰੀ ਅਤੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਐਤਵਾਰ ਤੋਂ ਪਹਿਲਾਂ ਵੀ ਇਸ ਵਿਵਾਦਤ ਬਿੱਲ ਦੇ ਖਿਲਾਫ ਹਾਂਗਕਾਂਗ 'ਚ ਕਈ ਪ੍ਰਦਰਸ਼ਨ ਹੋ ਚੁੱਕੇ ਹਨ। ਇਹ ਬਿੱਲ ਹਾਂਗਕਾਂਗ 'ਚ ਸ਼ੱਕ ਦੇ ਆਧਾਰ 'ਤੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਸੁਣਵਾਈ ਲਈ ਚੀਨ ਹਵਾਲਗੀ ਕਰਨ ਦੀ ਇਜਾਜ਼ਤ ਦੇਣ ਦਾ ਹੈ। ਬਿੱਲ ਨੂੰ ਹਾਲਾਂਕਿ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹਾਂਗਕਾਂਗ ਦੇ ਲੀਡਰ ਕੈਰੀ ਲੈਮ ਨੇ ਇਸ ਨੂੰ 'ਮ੍ਰਿਤਕ' ਘੋਸ਼ਿਤ ਕਰ ਦਿੱਤਾ ਹੈ ਪਰ ਇਸ ਦੇ ਬਾਅਦ ਵੀ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ।


Related News