ਕੰਮ ਦੇ ਬੋਝ ਕਾਰਨ ਮੁਲਾਜ਼ਮ ਦੀ ਮੌਤ ਤੋਂ ਬਾਅਦ ਹੋਏ ਕਈ ਖੁਲਾਸੇ, EY ਕੰਪਨੀ ''ਤੇ ਲੱਗੇ ਗੰਭੀਰ ਦੋਸ਼

Sunday, Sep 29, 2024 - 03:54 PM (IST)

ਜਲੰਧਰ (ਇੰਟ.) : ਪੁਣੇ ’ਚ ਯੂ. ਕੇ. ਦੀ ਕੰਪਨੀ ਅਰਨਸਟ ਐਂਡ ਯੰਗ (ਈ.ਵਾਈ.) ’ਚ ਕੰਮ ਕਰਨ ਵਾਲੀ 26 ਸਾਲਾ ਕੁੜੀ ਐਨਾ ਸੇਬੇਸਟੀਅਨ ਦੀ ਕਥਿਤ ਤੌਰ ’ਤੇ ਕੰਮ ਦੇ ਬੋਝ ਕਾਰਨ ਮੌਤ ਹੋ ਜਾਣ ਤੋਂ ਬਾਅਦ ਕੰਮਕਾਜੀ ਘੰਟਿਆਂ ਸਬੰਧੀ ਨਵੀਂ ਬਹਿਸ ਛਿੜ ਗਈ ਹੈ।

ਇਸ ਦੌਰਾਨ ਈ.ਵਾਈ. ਸਬੰਧੀ ਇਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਈ. ਵਾਈ. ਕੰਪਨੀ ਸਾਲ 2007 ਤੋਂ ਸਟੇਟ ਅਥਾਰਟੀ ਦੀ ਪਰਮਿਟ ਤੋਂ ਬਿਨਾਂ ਚੱਲ ਰਹੀ ਸੀ।

ਇਹ ਅਥਾਰਟੀ ਕੰਮ ਵਾਲੀ ਥਾਂ ’ਤੇ ਕੰਮ ਦੇ ਘੰਟਿਆਂ ਨੂੰ ਕੰਟਰੋਲ ਕਰਦੀ ਹੈ। ਦੂਜੇ ਪਾਸੇ ਐਨਾ ਸੇਬੇਸਟੀਅਨ ਦੀ ਮਾਂ ਅਨੀਤਾ ਅਗਸਟੀਨ ਨੇ ਇਕ ਵਾਰ ਫਿਰ ਦੋਸ਼ ਲਾਇਆ ਹੈ ਕਿ ਈ.ਵਾਈ. ਦੀ ਮੈਂਬਰ ਫਰਮ ਐੱਸ.ਆਰ.ਬੀ.ਸੀ. ਨੇ ਮਹਾਰਾਸ਼ਟਰ ਕਿਰਤ ਵਿਭਾਗ ਨੂੰ ਗਲਤ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਉਸ ਦੀ ਧੀ ਦਾ ਪੂਰਾ ਅਤੇ ਅੰਤਿਮ ਸਮਝੌਤਾ ਜਾਰੀ ਨਹੀਂ ਕੀਤਾ, ਹਾਲਾਂਕਿ ਕੰਪਨੀ ਨੇ ਵਿਭਾਗ ਨੂੰ ਕਿਹਾ ਸੀ ਕਿ ਐਨਾ ਨੂੰ ਮੁਆਵਜ਼ਾ ਅਦਾ ਕਰ ਦਿੱਤਾ ਗਿਆ ਸੀ।

ਕੰਪਨੀ ਨੇ ਦੋ ਮਹੀਨਿਆਂ ਬਾਅਦ ਪੈਸੇ ਕੀਤੇ ਅਦਾ

ਅਨੀਤਾ ਅਗਸਟੀਨ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਅੈਨਾ ਨੂੰ ਕੋਈ ਵੀ ਹਫਤੇ ਦੀ ਮੁਆਵਜ਼ੇ ਵਾਲੀ ਛੁੱਟੀ ਨਹੀਂ ਮਿਲੀ ਹੈ। ਕੰਪਨੀ ਦੇ ਕਹਿਣ ਦੇ ਉਲਟ ਐਨਾ ਨੇ 20 ਜੁਲਾਈ ਤੱਕ ਕੰਮ ਕੀਤਾ ਨਾ ਕਿ 19 ਜੁਲਾਈ ਤੱਕ। ਐਨਾ ਦੀ ਮੌਤ 20 ਜੁਲਾਈ ਨੂੰ ਹੋਈ ਸੀ।

ਅਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਪ੍ਰਸਤਾਵ ਪੱਤਰ ’ਚ ਕਿਹਾ ਗਿਆ ਸੀ ਕਿ ਮੰਦਭਾਗੀ ਮੌਤ ਦੇ ਮਾਮਲੇ ’ਚ ਈ. ਵਾਈ. ਕੰਪਨੀ ਦੀ ਲਾਗਤ ਦਾ 3 ਗੁਣਾ ਭੁਗਤਾਨ ਕਰੇਗੀ। ਐਨਾ ਦਾ ਸੀ. ਟੀ. ਸੀ. 9.5 ਲੱਖ ਰੁਪਏ ਸੀ ਅਤੇ ਤਿੰਨ ਗੁਣਾ ਰਕਮ 28.5 ਲੱਖ ਰੁਪਏ ਬਣਦੀ ਹੈ। ਹਾਲਾਂਕਿ ਮੀਡੀਆ ’ਚ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੂੰ ਇਹ ਰਕਮ 18 ਸਤੰਬਰ ਨੂੰ ਮਿਲੀ।

ਮਾਮਲੇ ਦੀ ਜਾਂਚ ਜਾਰੀ : ਵਧੀਕ ਕਿਰਤ ਕਮਿਸ਼ਨਰ

ਮਹਾਰਾਸ਼ਟਰ ਦੇ ਵਧੀਕ ਕਿਰਤ ਕਮਿਸ਼ਨਰ ਸ਼ੈਲੇਂਦਰ ਪਾਲ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੰਪਨੀ ਸੂਬੇ ਦੀ ਦੁਕਾਨ ਅਤੇ ਅਦਾਰਾ ਐਕਟ ਤਹਿਤ ਲੋੜੀਂਦੀ ਰਜਿਸਟ੍ਰੇਸ਼ਨ ਤੋਂ ਬਿਨਾਂ ਕੰਮ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਸੀ. ਏ. ਐਨਾ ਦੀ ਮੌਤ ਦੇ ਮਾਮਲੇ ’ਚ ਇਕ ਰਿਪੋਰਟ ਤਿਆਰ ਕਰ ਰਹੇ ਹਨ, ਜੋ ਕਿ ਲੇਬਰ ਕਮਿਸ਼ਨਰ ਨੂੰ ਸੌਂਪੀ ਜਾਵੇਗੀ। ਇਸ ਤੋਂ ਬਾਅਦ ਉਸ ਨੂੰ ਕੇਂਦਰ ਨੂੰ ਭੇਜਿਆ ਜਾਵੇਗਾ ਤਾਂ ਜੋ ਅਗਲੇਰੀ ਜਾਂਚ ਕੀਤੀ ਜਾ ਸਕੇ।

ਇਸ ਦੌਰਾਨ ਮਹਾਰਾਸ਼ਟਰ ਦੇ ਕਿਰਤ ਅਧਿਕਾਰੀਆਂ ਨੇ 26 ਸਾਲਾ ਐਨਾ ਸੇਬੇਸਟੀਅਨ ਦੀ ਮੌਤ ਦੀ ਜਾਂਚ ਲਈ ਈ.ਵਾਈ. ਪੁਣੇ ਦੇ ਦਫਤਰ ’ਚ ਅਧਿਕਾਰੀਆਂ ’ਤੇ ਸਵਾਲ ਉਠਾਏ ਹਨ। ਕਿਰਤ ਅਧਿਕਾਰੀਆਂ ਨੇ ਸਵਾਲਾਂ ਦੇ ਜਵਾਬ ਦੇਣ ਲਈ ਈ. ਵਾਈ. ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ।

20 ਜੁਲਾਈ ਨੂੰ 26 ਸਾਲ ਦੀ ਲੜਕੀ ਦੀ ਹੋਈ ਸੀ ਮੌਤ

ਰਿਪੋਰਟਾਂ ਮੁਤਾਬਕ ਐਨਾ ਸੇਬੇਸਟੀਅਨ ਦੀ 20 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦੀ ਮਾਂ ਅਨੁਸਾਰ ਉਹ ਦਫ਼ਤਰ ’ਚ ਕੰਮ ਦੇ ਬੋਝ ਕਾਰਨ ਪ੍ਰੇਸ਼ਾਨ ਰਹਿੰਦੀ ਸੀ। ਮੌਤ ਤੋਂ ਕੁਝ ਦਿਨ ਪਹਿਲਾਂ ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਮਿਲਣ ਪੁਣੇ ਆਏ ਤਾਂ ਉਸ ਨੇ ਛਾਤੀ ’ਚ ਦਰਦ ਦੀ ਸ਼ਿਕਾਇਤ ਕੀਤੀ। ਡਾਕਟਰ ਨੂੰ ਦਿਖਾਉਣ ਤੋਂ ਬਾਅਦ ਪਤਾ ਲੱਗਾ ਕਿ ਦਫ਼ਤਰ ਦੇ ਕੰਮ ਦੇ ਬੋਝ ਕਾਰਨ ਐਨਾ ਬਹੁਤ ਤਣਾਅ ਵਿਚ ਸੀ।

ਐਨਾ ਦੀ ਮਾਂ ਨੇ ਕੰਪਨੀ ਨੂੰ ਵੀ ਲਿਖਿਆ ਸੀ ਪੱਤਰ

ਅੈਨਾ ਦੀ ਮਾਂ ਅਨੀਤਾ ਅਗਸਟੀਨ ਨੇ ਚੇਅਰਮੈਨ ਰਾਜੀਵ ਮੇਮਾਨੀ ਨੂੰ ਇਕ ਪੱਤਰ ਲਿਖ ਕੇ ਆਪਣੀ ਕੰਪਨੀ ਦੇ ‘ਵਰਕ ਕਲਚਰ’ ਨੂੰ ਸੁਧਾਰਨ ਲਈ ਕਿਹਾ ਸੀ। ਅਗਸਟੀਨ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ 6 ਜੁਲਾਈ ਨੂੰ ਐਨਾ ਦੀ ਕਨਵੋਕੇਸ਼ਨ ’ਚ ਸ਼ਾਮਲ ਹੋਣ ਲਈ ਪੁਣੇ ਗਏ ਸਨ। ਫਿਰ ਉਸ ਦੀ ਧੀ ਨੇ ਛਾਤੀ ’ਚ ਜਕੜਣ ਦੀ ਸ਼ਿਕਾਇਤ ਕੀਤੀ ਸੀ।

ਅਗਸਟੀਨ ਕਹਿੰਦੀ ਹੈ ਕਿ ਅਸੀਂ ਆਪਣੀ ਧੀ ਨੂੰ ਹਸਪਤਾਲ ਲੈ ਗਏ। ਉਸ ਦੀ ਈ.ਸੀ.ਜੀ. ਰਿਪੋਰਟ ਨਾਰਮਲ ਸੀ। ਅਸੀਂ ਦਿਲ ਦੇ ਮਾਹਿਰ ਡਾਕਟਰ ਨਾਲ ਵੀ ਸਲਾਹ ਕੀਤੀ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ। ਕੁਝ ਠੀਕ ਹੋਣ ਤੋਂ ਬਾਅਦ ਐਨਾ ਨੇ ਕੰਮ ’ਤੇ ਜਾਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਸ ਨੇ ਹੋਰ ਛੁੱਟੀ ਲੈ ਲਈ ਤਾਂ ਉਸ ਦੇ ਕੰਮ ਦਾ ਬੋਝ ਵਧ ਜਾਵੇਗਾ। ਟੀਚੇ ਸਮੇਂ ਸਿਰ ਪੂਰੇ ਨਹੀਂ ਹੋਣਗੇ। ਹੌਲੀ-ਹੌਲੀ ਉਸ ਦੀ ਸਿਹਤ ਵਿਗੜਦੀ ਗਈ। ਇਕ ਦਿਨ ਉਸ ਦੀ ਮੌਤ ਹੋ ਗਈ।


Harinder Kaur

Content Editor

Related News