ਗਲਾਸਗੋ ਦੀ ਮੇਲ ਮਿਲਾਪ ਸੰਸਥਾ ਅਜੇ ਵੀ ਨਿਰੰਤਰ ਵੰਡ ਰਹੀ ਹੈ ਲੋੜਵੰਦਾਂ ਨੂੰ ਭੋਜਨ
Thursday, Apr 08, 2021 - 01:32 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀਆਂ ਸਮਾਜਸੇਵੀ ਸੰਸਥਾਵਾਂ ਵਿੱਚ ਗਲਾਸਗੋ ਸਥਿਤ ਮੇਲ ਮਿਲਾਪ ਸੰਸਥਾ ਦਾ ਵੱਡਾ ਨਾਂ ਹੈ। ਕੋਰੋਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਮੇਲ ਮਿਲਾਪ ਸੰਸਥਾ ਵੱਲੋਂ ਲੋੜਵੰਦ ਲੋਕਾਂ ਤੱਕ ਨਿਰੰਤਰ ਪਕਾਇਆ ਹੋਇਆ ਤਿਆਰ ਕੀਤਾ ਭੋਜਨ ਪਹੁੰਚਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਸੰਸਥਾ ਦੇ ਮੋਹਰੀ ਆਗੂਆਂ ਅਨੂਪ ਵਾਲੀਆ, ਗੁਰਮੇਲ ਸਿੰਘ ਢਿੱਲੋਂ, ਸੰਤੋਖ ਸਿੰਘ ਸੋਹਲ, ਸਾਧੂ ਸਿੰਘ ਢਿੱਲੋਂ ਆਦਿ ਵੱਲੋਂ ਕਿਹਾ ਗਿਆ ਕਿ ਮੇਲ ਮਿਲਾਪ ਸੰਸਥਾ ਆਪਣੇ ਸਮਾਜਸੇਵਾ ਦੇ ਰਾਹ 'ਤੇ ਅਡੋਲ ਚਲਦੀ ਹੋਈ ਕਦਮ ਦਰ ਕਦਮ ਅੱਗੇ ਵਧ ਰਹੀ ਹੈ।
ਉਹਨਾਂ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਸੇਵਾਦਾਰਾਂ ਦੀ ਅਣਥੱਕ ਮਿਹਨਤ ਦਾ ਫਲ ਹੈ ਕਿ ਘੰਟਿਆਂ ਬੱਧੀ ਭੋਜਨ ਤਿਆਰ ਕਰਨ ਤੋਂ ਬਾਅਦ ਸੰਤੁਲਿਤ ਭੋਜਨ ਉਹਨਾਂ ਲੋਕਾਂ ਦੇ ਮੂੰਹ ਦੀ ਬੁਰਕੀ ਬਣਦਾ ਹੈ, ਜਿਹਨਾਂ ਨੂੰ ਵਾਕਿਆ ਹੀ ਮਦਦ ਦੀ ਲੋੜ ਸੀ। ਹੁਣ ਤੱਕ ਉਹਨਾਂ 16500 ਭੋਜਨ ਦੇ ਪੈਕੇਟ (ਮੀਲ) ਵੰਡੇ ਜਾ ਚੁੱਕੇ ਹਨ। ਜਦ ਇਸ ਪੱਤਰਕਾਰ ਵੱਲੋਂ ਮੇਲ ਮਿਲਾਪ ਸੈਂਟਰ ਵਿਖੇ ਚੱਲ ਰਹੇ ਭੋਜਨ ਤਿਆਰ ਕਰਨ ਦੇ ਕਾਰਜਾਂ ਨੂੰ ਨੇੜਿਉਂ ਦੇਖਣ ਲਈ ਪਹੁੰਚ ਕੀਤੀ ਗਈ ਤਾਂ ਸੇਵਾਦਾਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਆਪੋ ਆਪਣੇ ਕੰਮਾਂ ਵਿੱਚ ਮਸਤ ਸਨ। ਕੋਈ ਰੋਟੀਆਂ ਪਕਾ ਰਿਹਾ ਸੀ, ਕੋਈ ਦਾਲ ਤਿਆਰ ਕਰ ਰਿਹਾ ਸੀ, ਕੋਈ ਰੋਟੀਆਂ ਲਿਫਾਫਿਆਂ ਵਿੱਚ ਪਾ ਕੇ ਖਾਣ ਵਾਲੇ ਦੀ ਇੱਛਾ ਮੁਤਾਬਕ ਆਈ ਸੂਚੀ ਅਨੁਸਾਰ ਤਿਆਰ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੁਰਦੁਆਰਾ ਸਾਹਿਬ ਬਰਾਡਸ਼ਾਹ ਪਹੁੰਚੇ ਪਾਕਿ ਕੌਂਸਲੇਟ, ਕਹੀ ਇਹ ਗੱਲ (ਤਸਵੀਰਾਂ)
ਵੱਡੀ ਗੱਲ ਇਹ ਕਿ ਉਕਤ ਖਾਣਾ ਹਾਸਲ ਕਰਨ ਵਾਲੇ ਏਸ਼ੀਅਨ ਲੋਕ ਹੀ ਨਹੀਂ ਬਲਕਿ ਹਰ ਵਰਗ ਦੇ ਲੋਕ ਇਸ ਭੋਜਨ ਦੀ ਉਡੀਕ ਵਿੱਚ ਹੁੰਦੇ ਹਨ। ਅਨੂਪ ਵਾਲੀਆ ਨੇ ਦੱਸਿਆ ਕਿ ਜਿਹਨਾਂ ਲੋਕਾਂ ਕੋਲ ਭੋਜਨ ਭੇਜਣਾ ਹੁੰਦਾ ਹੈ, ਉਹਨਾਂ ਦੇ ਰਿਹਾਇਸ਼ੀ ਪਤੇ ਦੇ ਨਾਲ ਨਾਲ ਉਹਨਾਂ ਦੀ ਪਸੰਦ ਦਾ ਵੇਰਵਾ ਵੀ ਸਾਹਮਣੇ ਪਿਆ ਹੁੰਦਾ ਹੈ, ਜਿਸ ਨੂੰ ਦੇਖ ਕੇ ਹੀ ਸੇਵਾਦਾਰ ਭੋਜਨ ਦਾ ਮੁਕੰਮਲ ਪੈਕੇਟ ਤਿਆਰ ਕਰਦੇ ਹਨ। ਗਲਾਸਗੋ ਵਿੱਚ ਵੱਖ ਵੱਖ ਭਾਈਚਾਰਿਆਂ ਨਾਲ ਸਮੇਂ ਸਮੇਂ 'ਤੇ ਸਹਿਯੋਗ ਦੇਣ ਵਾਲੀ ਸ੍ਰੀਮਤੀ ਮਰੀਦੁਲਾ ਚਕਰਬੋਰਤੀ ਨੇ ਕਿਹਾ ਕਿ ਮੇਲ ਮਿਲਾਪ ਸੰਸਥਾ ਦੇ ਕਾਰਜ ਬੇਮਿਸਾਲ ਹਨ। ਸਮੁੱਚੀ ਟੀਮ ਤਨਦੇਹੀ ਨਾਲ ਨਿਰੰਤਰ ਕੰਮ ਕਰਦੀ ਆ ਰਹੀ ਹੈ। ਸੰਸਥਾ ਦੇ ਆਪਣੇ ਨਾਮ ਵਾਂਗ ਕੰਮਾਂ ਦਾ ਘੇਰਾ ਵੀ ਵਿਸ਼ਾਲ ਹੈ। ਇਸ ਸਮੇਂ ਸੁਰਿੰਦਰ ਕੌਰ, ਸੁਖਵਿੰਦਰ ਕੌਰ, ਬਲਵੀਰ ਕੌਰ, ਅਨੀਤਾ ਸਿੰਘ ਤੇ ਮਰੀਦੁਲਾ ਚਕਰਬੋਰਤੀ ਵੱਲੋਂ ਭੋਜਨ ਤਿਆਰ ਕਰਨ ਦੀ ਸੇਵਾ ਸਵੇਰ ਤੋਂ ਸ਼ਾਮ ਤੱਕ ਨਿਭਾਈ ਗਈ।
ਨੋਟ - ਗਲਾਸਗੋ ਦੀ ਮੇਲ ਮਿਲਾਪ ਸੰਸਥਾ ਅਜੇ ਵੀ ਨਿਰੰਤਰ ਵੰਡ ਰਹੀ ਹੈ ਲੋੜਵੰਦਾਂ ਨੂੰ ਭੋਜਨ ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।