ਸਾਇੰਸਦਾਨਾਂ ਨੇ ਕੋਵਿਡ-19 ਦੇ ਪ੍ਰਸਾਰ ਦਾ ਅਨੁਮਾਨ ਲਾਉਣ ਲਈ ਵੈਦਰ ਫਾਰੀਕਾਸਟ ਤਕਨੀਕ ਦੀ ਕੀਤੀ ਵਰਤੋਂ
Friday, Jul 03, 2020 - 02:16 AM (IST)
ਲੰਡਨ – ਵਿਗਿਆਨੀਆਂ ਨੇ ਲਾਕਡਾਊਨ ’ਚ ਛੋਟ ਦਿੱਤੇ ਜਾਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ’ਚ ਕੋਵਿਡ-19 ਮਹਾਮਾਰੀ ਦੇ ਫੈਲਣ ਦੀ ਤੀਬਰਤਾ ਦਾ ਅਨੁਮਾਨ ਲਗਾਉਣ ਲਈ ਵੈਦਰ ਫਾਰੀਕਾਸਟ ਤਕਨੀਕ ਦੀ ਵਰਤੋਂ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਵਾਇਰਸ ਦੇ ਪ੍ਰਸਾਰ ਦੀ ਰੋਕਥਾਮ ਲਈ ਕੀਤੇ ਗਏ ਉਪਾਅ ਦੇ ਪ੍ਰਭਾਵ ਦਾ ਵੀ ਮੁਲਾਂਕਣ ਕੀਤਾ। ਬ੍ਰਿਟੇਨ ਸਥਿਤ ਰੀਡਿੰਗ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਸਮੇਤ ਇਕ ਕੌਮਾਂਤਰੀ ਟੀਮ ਨੇ ਡਾਟਾ ਕਲੋਜਿੰਗ ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਦੇ ਤਹਿਤ ਸੂਚਨਾ ਦੇ ਵੱਖ-ਵੱਖ ਸ੍ਰੋਤਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ’ਚ ਉਭਰਣ ਵਾਲੀ ਸਥਿਤੀ ਦਾ ਪਤਾ ਲੱਗ ਸਕੇ। ਜਨਰਲ ਫਾਉਂਡੇਸ਼ਨ ਆਫ ਡਾਟਾ ਸਾਇੰਸੇਜ ਨੂੰ ਸੌਂਪੇ ਗਏ ਇਸ ਅਧਿਐਨ ’ਚ ਸੁਝਾਅ ਦਿੱਤਾ ਗਿਆ ਹੈ ਕਿ ਇਸ ਬਾਰੇ ਸਹੀ ਅਨੁਮਾਨ ਲਗਾਉਣਾ ਸੰਭਵ ਹੈ ਕਿ ਲਾਕਡਾਊਨ ’ਚ ਛੋਟ ਦੇਣ ਦੇ ਉਪਾਅ ਕਿਸ ਤਰ੍ਹਾਂ ਦੋ ਹਫਤੇ ਪਹਿਲਾਂ ਹੀ ਵਾਇਰਸ ਦੇ ਪ੍ਰਸਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਅਧਿਐਨ ਟੀਮ ’ਚ ਸ਼ਾਮਲ ਵਿਗਿਆਨੀਆਂ ਨੇ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਮੌਸਮ ਦਾ ਪੂਰਬ ਅਨੁਮਾਨ ਲਗਾਉਣ ’ਚ ਕੀਤਾ ਜਾਂਦਾ ਹੈ। ਅਧਿਐਨ ਟੀਮ ਦੀ ਅਗਵਾਈ ਕਰਨ ਵਾਲੇ ‘ਨੋਰਸ : ਨਾਰਵੇਜੀਅਨ ਰਿਸਰਚ ਸੈਂਟਰ’ ਦੇ ਪ੍ਰੋਫੈਸਰ ਗੇਰ ਅਵੇਂਸੇਨ ਨੇ ਕਿਹਾ ਕਿ ਇਸ ਅਧਿਐਨ ਦਾ ਮੁੱਖ ਨਤੀਜਾ ਇਹ ਹੈ ਕਿ ਅਸੀਂ ਇਸ ਬਾਰੇ ਸਹੀ ਅਨੁਮਾਨ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ ਇਨਫੈਕਸ਼ਨ ਦੀ ਲਪੇਟ ’ਚ ਆ ਸਕਣ ਵਾਲੇ ਲੋਕਾਂ ਦੀ ਗਿਣਤੀ ’ਚ ਬਦਲਾਅ ਹੋ ਸਕਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਇਹ ਲਾਕਡਾਊਨ ਦੇ ਨਿਯਮਾਂ ’ਚ ਬਦਲਾਅ ਦੇ ਪ੍ਰਭਾਵ ਦਾ ਅਨੁਮਾਨ ਲਗਾਉਣ ’ਚ ਲਾਹੇਵੰਦ ਸਾਬਤ ਹੋਵੇਗਾ।