ਸਾਊਦੀ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਪਾਬੰਦੀ ਇਕ ਹੋਰ ਹਫ਼ਤੇ ਲਈ ਵਧਾਈ

Monday, Dec 28, 2020 - 01:40 PM (IST)

ਰਿਆਦ-  ਬ੍ਰਿਟੇਨ ਵਿਚ ਹਾਲ ਹੀ ਵਿਚ ਮਿਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਵਿਸ਼ਵ ਦੇ ਹੋਰ ਕਈ ਮੁਲਕਾਂ ਵਿਚ ਵੀ ਪੁਸ਼ਟੀ ਹੋਣ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਸਾਰੀਆਂ ਕੌਮਾਂਤਰੀ ਵਪਾਰਕ ਯਾਤਰੀ ਉਡਾਣਾਂ 'ਤੇ ਪਾਬੰਦੀ ਦੇ ਨਾਲ-ਨਾਲ ਜ਼ਮੀਨੀ ਅਤੇ ਸਮੁੰਦਰੀ ਰਸਤੇ ਜ਼ਰੀਏ ਵਿਦੇਸ਼ੀ ਲੋਕਾਂ ਦੇ ਆਉਣ 'ਤੇ ਲਾਈ ਰੋਕ ਇਕ ਹੋਰ ਹਫ਼ਤੇ ਲਈ ਵਧਾ ਦਿੱਤੀ ਹੈ। ਇਸ ਨਾਲ ਸਾਊਦੀ ਜਾਣ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਸਾਊਦੀ ਹਵਾਬਾਜ਼ੀ ਜਨਰਲ ਅਥਾਰਟੀ ਨੇ ਇਸ ਦੀ ਜਾਣਕਾਰੀ ਇਕ ਟਵੀਟ ਵਿਚ ਦਿੱਤੀ। ਸਾਊਦੀ ਦੀ ਪ੍ਰੈੱਸ ਏਜੰਸੀ (ਐੱਸ. ਪੀ. ਏ.) ਅਨੁਸਾਰ, ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁਝ ਵਿਰਲੇ ਮਾਮਲਿਆਂ ਵਿਚ ਉਡਾਣਾਂ ਦੀ ਆਗਿਆ ਦਿੱਤੀ ਜਾਵੇਗੀ।

ਏਅਰਲਾਈਨਾਂ ਨੂੰ ਸਾਊਦੀ ਵਿਚ ਮੌਜੂਦ ਵਿਦੇਸ਼ੀ ਯਾਤਰੀਆਂ ਨੂੰ ਕਿੰਗਡਮ ਤੋਂ ਬਾਹਰ ਲਿਜਾਣ ਅਤੇ ਇਸ ਤੋਂ ਇਲਾਵਾ ਕਾਰਗੋ ਉਡਾਣਾਂ ਨੂੰ ਮਨਜ਼ੂਰੀ ਹੋਵੇਗੀ।

ਗੌਰਤਲਬ ਹੈ ਕਿ ਸਾਊਦੀ ਅਰਬ, ਕੁਵੈਤ ਅਤੇ ਓਮਾਨ ਨੇ ਪਿਛਲੇ ਹਫਤੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਪਤਾ ਲੱਗਣ ਤੋਂ ਬਾਅਦ ਯਾਤਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਜ਼ਮੀਨੀ ਤੇ ਸਮੁੰਦਰੀ ਸਰਹੱਦਾਂ ਰਾਹੀਂ ਦਾਖ਼ਲ ਹੋਣ ਅਤੇ ਬਾਹਰ ਜਾਣ 'ਤੇ ਪਾਬੰਦੀ ਲਾ ਦਿੱਤੀ ਸੀ। ਹਾਲਾਂਕਿ, ਓਮਾਨ ਅਤੇ ਕੁਵੈਤ ਨੇ ਕਿਹਾ ਹੈ ਕਿ ਉਹ ਕ੍ਰਮਵਾਰ 29 ਦਸੰਬਰ ਅਤੇ 1 ਜਨਵਰੀ ਨੂੰ ਪਾਬੰਦੀ ਹਟਾਉਣ ਦੀ ਯੋਜਨਾ ਬਣਾ ਰਹੇ ਹਨ। ਪਿਛਲੇ ਐਤਵਾਰ ਸਾਊਦੀ ਦੇ ਸਿਹਤ ਅਧਿਕਾਰੀਆਂ ਨੇ ਨਿਰਦੇਸ਼ ਦਿੱਤਾ ਸੀ ਕਿ ਕੋਈ ਵੀ ਯਾਤਰੀ ਜੋ ਕਿਸੇ ਅਜਿਹੇ ਦੇਸ਼ ਤੋਂ ਵਾਪਸ ਪਰਤਿਆ ਹੈ ਜਿੱਥੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ, ਨੂੰ ਕਿੰਗਡਮ ਵਿਚ ਦਾਖ਼ਲ ਹੋਣ ਦੀ ਤਾਰੀਖ਼ ਤੋਂ 2 ਹਫ਼ਤਿਆਂ ਲਈ ਆਪਣੇ-ਆਪ ਨੂੰ ਇਕਾਂਤਵਾਸ ਕਰਨਾ ਪਵੇਗਾ।


Sanjeev

Content Editor

Related News