ਅਜੀਤ ਡੋਭਾਲ ਨੇ ਸਾਊਦੀ ਪ੍ਰਿੰਸ ਨਾਲ ਕੀਤੀ ਮੁਲਾਕਾਤ

10/02/2019 3:41:32 PM

ਰਿਆਦ (ਬਿਊਰੋ)— ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਸਾਊਦੀ ਅਰਬ ਵਿਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜੰਮੂ-ਕਸ਼ਮੀਰ 'ਤੇ ਭਾਰਤ ਦਾ ਪੱਖ ਰੱਖਦਿਆਂ ਕਸ਼ਮੀਰ 'ਤੇ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਕਾਰਵਾਈ ਦੇ ਬਾਰੇ ਵਿਚ ਡੂੰਘੀ ਚਰਚਾ ਕੀਤੀ। ਡੋਭਾਲ ਦੀ ਸਾਊਦੀ ਪ੍ਰਿੰਸ ਨਾਲ ਵਾਰਤਾ ਲੱਗਭਗ ਦੋ ਘੰਟੇ ਤੱਕ ਚੱਲੀ। ਐੱਨ.ਐੱਸ.ਏ. ਡੋਭਾਲ ਮੰਗਲਵਾਰ ਨੂੰ ਸਾਊਦੀ ਅਰਬ ਦੇ ਦੌਰੇ 'ਤੇ ਰਿਆਦ ਪਹੁੰਚੇ ਹਨ। ਡੋਭਾਲ ਦੀ ਸਾਊਦੀ ਪ੍ਰਿੰਸ ਨਾਲ ਮੁਲਾਕਾਤ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਇਮਰਾਨ ਖਾਨ ਨੇ ਕੁਝ ਦਿਨ ਪਹਿਲਾਂ ਹੀ ਕਸ਼ਮੀਰ ਮੁੱਦੇ 'ਤੇ ਸਾਊਦੀ ਅਰਬ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ।  

ਕ੍ਰਾਊਨ ਪ੍ਰਿੰਸ ਨਾਲ ਡੋਭਾਲ ਦੀ ਮੁਲਾਕਾਤ ਦੌਰਾਨ ਭਾਰਤ-ਸਾਊਦੀ ਦੋ ਪੱਖਾਂ ਸੰਬੰਧਾਂ ਲਈ ਵਿਭਿੰਨ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਹੋਈ। ਅਜੀਤ ਡੋਭਾਲ ਦੀ ਇਹ ਯਾਤਰਾ ਭਾਰਤ-ਸਾਊਦੀ ਦੇ ਸੰਬੰਧਾਂ 'ਤੇ ਆਧਾਰਿਤ ਹੈ। ਇਹ ਦੌਰਾ ਦੱਸਦਾ ਹੈ ਕਿ ਭਾਰਤ, ਸਾਊਦੀ ਅਰਬ ਨੂੰ ਆਪਣਾ ਕਿੰਨਾ ਕਰੀਬੀ ਦੋਸਤ ਮੰਨਦਾ ਹੈ। ਡੋਭਾਲ ਨੇ ਆਪਣੇ ਸਾਊਦੀ ਹਮਰੁਤਬਾ ਮੁਸੈਦ ਅਲ ਐਬਨ ਨਾਲ ਵੀ ਬੈਠਕ ਕੀਤੀ ਜੋ ਸਾਊਦੀ ਅਰਬ ਦੇ ਰਾਜਨੀਤਕ ਅਤੇ ਸੁਰੱਖਿਆ ਮਾਮਲਿਆਂ ਦੀ ਪਰੀਸ਼ਦ ਦੀ ਪ੍ਰਧਾਨਗੀ ਕਰਦੇ ਹਨ। ਉਹ ਰਾਸ਼ਟਰੀ ਸਾਈਬਰ ਸੁਰੱਖਿਆ ਅਥਾਰਿਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਦੋ-ਪੱਖੀ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਚਰਚਾ ਕੀਤੀ। ਐੱਨ.ਐੱਸ.ਏ. ਡੋਭਾਲ ਦੀ ਸੰਯੁਕਤ ਅਰਬ ਅਮੀਰਾਤ ਦੇ ਸੀਨੀਅਰ ਨੇਤਾਵਾਂ ਨਾਲ ਵੀ ਗੱਲਬਾਤ ਕਰਨ ਦੀ ਆਸ ਹੈ।


Vandana

Content Editor

Related News