ਰੂਸ ਅਤੇ ਇੰਡੋਨੇਸ਼ੀਆ ਨੇ ਰੱਖਿਆ ਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਗੱਲਬਾਤ
Tuesday, Feb 25, 2025 - 06:22 PM (IST)

ਜਕਾਰਤਾ (ਏਜੰਸੀ)- ਰੂਸ ਅਤੇ ਇੰਡੋਨੇਸ਼ੀਆ ਨੇ ਮੰਗਲਵਾਰ ਨੂੰ ਆਪਣੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਅਤੇ ਰੂਸ ਦੇ ਇਕ ਸੁਰੱਖਿਆ ਅਧਿਕਾਰੀ ਅਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰੀ ਨੇ ਰਾਜਧਾਨੀ ਜਕਾਰਤਾ ਵਿੱਚ ਮੁਲਾਕਾਤ ਕੀਤੀ। ਰੂਸੀ ਸੰਘ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੂ ਦੇ ਦੌਰੇ ਤੋਂ ਪਹਿਲਾਂ, ਰੂਸੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਕਿਹਾ ਕਿ ਉਹ ਇੰਡੋਨੇਸ਼ੀਆਈ ਰੱਖਿਆ ਮੰਤਰੀ ਸਜਾਫਰੀ ਸਜਾਮਸੋਦੀਨ ਨਾਲ ਰੱਖਿਆ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ।
ਰੂਸੀ ਸਰਕਾਰ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਦੋਵੇਂ ਅਧਿਕਾਰੀ "ਆਪਸੀ ਹਿੱਤ ਦੇ ਹੋਰ ਖੇਤਰਾਂ ਵਿੱਚ ਸਹਿਯੋਗ" ਬਾਰੇ ਵੀ ਚਰਚਾ ਕਰਨਗੇ। ਇੰਡੋਨੇਸ਼ੀਆਈ ਰੱਖਿਆ ਮੰਤਰਾਲਾ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਫ੍ਰੈਗ ਵੇਨਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਅਤੇ ਇੰਡੋਨੇਸ਼ੀਆ "ਆਪਣੇ ਰੱਖਿਆ ਸਬੰਧਾਂ ਨੂੰ ਹੋਰ ਵਿਸ਼ਾਲ ਅਤੇ ਡੂੰਘਾ ਕਰਨ ਦੀਆਂ ਇੱਛਾਵਾਂ ਰੱਖਦੇ ਹਨ" ਅਤੇ ਸ਼ੋਇਗੂ ਦੀ ਫੇਰੀ ਦੁਵੱਲੇ ਸਬੰਧਾਂ ਪ੍ਰਤੀ ਉੱਚ ਪੱਧਰੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਹਾਲਾਂਕਿ, ਸ਼ੋਇਗੂ ਨੇ ਇੰਡੋਨੇਸ਼ੀਆਈ ਰੱਖਿਆ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।