ਰੂਸ ਤੇ ਆਸਟ੍ਰੇਲੀਆ ਕੋਲ ਸਭ ਤੋਂ ਜ਼ਿਆਦਾ ਅਨਮਾਈਂਡ ਗੋਲਡ ਰਿਜ਼ਰਵ
Saturday, Nov 01, 2025 - 03:16 AM (IST)
ਨਵੀਂ ਦਿੱਲੀ - ਦੁਨੀਆ ਦੀ ਅਰਥਵਿਵਸਥਾ ’ਚ ਸੋਨਾ ਹਮੇਸ਼ਾ ਤੋਂ ਸਥਿਰਤਾ ਅਤੇ ਤਾਕਤ ਦਾ ਪ੍ਰਤੀਕ ਰਿਹਾ ਹੈ ਅਤੇ ਹੁਣ ਨਵੇਂ ਅੰਕੜੇ ਦੱਸ ਰਹੇ ਹਨ ਕਿ ਇਸ ਦੌੜ ’ਚ ਰੂਸ ਅਤੇ ਆਸਟ੍ਰੇਲੀਆ ਸਭ ਤੋਂ ਅੱਗੇ ਨਿਕਲ ਗਏ ਹਨ। ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਕੋਲ ਦੁਨੀਆ ਦੇ ਸਭ ਤੋਂ ਜ਼ਿਆਦਾ ਅਨਮਾਈਂਡ (ਅਜੇ ਤੱਕ ਨਹੀਂ ਕੱਢੇ ਗਏ) ਸੋਨੇ ਦੇ ਭੰਡਾਰ ਮੌਜੂਦ ਹਨ। ਜਿੱਥੇ ਆਸਟ੍ਰੇਲੀਆ ਲੰਮੇਂ ਸਮੇਂ ਤੋਂ ਸੋਨਾ ਉਤਪਾਦਨ ’ਚ ਮੋਹਰੀ ਰਿਹਾ ਹੈ, ਉੱਥੇ ਹੀ, ਰੂਸ ਨੇ ਪਿਛਲੇ ਕੁਝ ਸਾਲਾਂ ’ਚ ਤੇਜ਼ੀ ਨਾਲ ਆਪਣੇ ਸੋਨੇ ਦੇ ਭੰਡਾਰ (ਗੋਲਡ ਰਿਜ਼ਰਵ) ਵਧਾ ਕੇ ਗਲੋਬਲ ਬਾਜ਼ਾਰ ’ਚ ਨਵੀਂ ਚੁਣੌਤੀ ਪੇਸ਼ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਹਾਕੇ ’ਚ ਇਹੀ ਦੋਵਾਂ ਦੇਸ਼ ਦੁਨੀਆ ਦੇ ਗੋਲਡ ਸਪਲਾਈ ਚੇਨ ’ਤੇ ਵੱਡਾ ਪ੍ਰਭਾਵ ਪਾ ਸਕਦੇ ਹਨ।
ਸੋਨੇ ਦੀ ਕੀਮਤ ’ਚ ਇਸ ਸਾਲ ਲੱਗਭਗ 50 ਫ਼ੀਸਦੀ ਦੀ ਤੇਜ਼ੀ ਆਈ ਹੈ। ਦੁਨੀਆ ਦੇ ਕਈ ਹਿੱਸਿਆਂ ’ਚ ਜਾਰੀ ਉੱਥਲ-ਪੁਥਲ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦਾ ਰੁਖ਼ ਕਰ ਰਹੇ ਹਨ। ਨਾਲ ਹੀ, ਕਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਪਿਛਲੇ ਕੁਝ ਸਾਲਾਂ ’ਚ ਸੋਨੇ ਦੀ ਜੰਮ ਕੇ ਖਰੀਦਦਾਰੀ ਕੀਤੀ ਹੈ। ਇਸ ਕਾਰਨ ਸੋਨੇ ਦੀ ਕੀਮਤ ’ਚ ਤੇਜ਼ੀ ਆਈ ਹੈ। ਹਾਲ ’ਚ ਇਸ ਦੀ ਕੀਮਤ 4,300 ਡਾਲਰ ਪ੍ਰਤੀ ਔਂਸ ਦੇ ਪਾਰ ਪਹੁੰਚੀ ਸੀ। ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਅਗਲੇ ਸਾਲ ਦਸੰਬਰ ਤੱਕ ਇਸ ਦੀ ਕੀਮਤ 4,900 ਡਾਲਰ ਪ੍ਰਤੀ ਔਂਸ ਤੱਕ ਜਾ ਸਕਦੀ ਹੈ।
ਇਕ ਅੰਦਾਜ਼ੇ ਮੁਤਾਬਕ ਦੁਨੀਆ ’ਚ ਹੁਣ ਤੱਕ 2,16,265 ਟਨ ਸੋਨਾ ਕੱਢਿਆ ਜਾ ਚੁੱਕਿਆ ਹੈ ਅਤੇ ਹੁਣ ਖਾਨਾਂ ’ਚ ਸਿਰਫ 64,000 ਟਨ ਸੋਨਾ ਰਹਿ ਗਿਆ ਹੈ। ਯੂਕ੍ਰੇਨ ਨਾਲ ਲੜਾਈ ’ਚ ਫਸੇ ਰੂਸ ਅਤੇ ਆਸਟ੍ਰੇਲੀਆ ਕੋਲ ਸਭ ਤੋਂ ਜ਼ਿਆਦਾ ਅਨਮਾਈਂਡ ਗੋਲਡ ਰਿਜ਼ਰਵ ਹੈ। ਇਨ੍ਹਾਂ ਦੋਵਾਂ ਦੇਸ਼ਾਂ ਕੋਲ ਇਕ ਬਰਾਬਰ 12,000 ਟਨ ਗੋਲਡ ਰਿਜ਼ਰਵ ਹੈ, ਜਿਸ ਨੂੰ ਹੁਣ ਤੱਕ ਕੱਢਿਆ ਨਹੀਂ ਗਿਆ ਹੈ।
ਇਸ ਸੂਚੀ ’ਚ ਤੀਸਰੇ ਨੰਬਰ ’ਤੇ ਸਾਊਥ ਅਫਰੀਕਾ ਹੈ, ਜਿਸ ਕੋਲ 5,000 ਟਨ ਸੋਨੇ ਦਾ ਪਛਾਣਿਆ ਭੰਡਾਰ ਹੈ। ਇੰਡੋਨੇਸ਼ੀਆ ’ਚ 3,800 ਟਨ ਅਤੇ ਕੈਨੇਡਾ ’ਚ 3,200 ਟਨ ਸੋਨੇ ਦਾ ਅਜਿਹਾ ਭੰਡਾਰ ਹੈ, ਜਿਸ ਨੂੰ ਹੁਣ ਤੱਕ ਕੱਢਿਆ ਨਹੀਂ ਗਿਆ ਹੈ।
ਕੌਣ-ਕੌਣ ਹਨ ਟਾਪ ’ਚ
ਚੀਨ ਕੋਲ 3,100 ਟਨ ਸੋਨੇ ਦਾ ਪਛਾਣਿਆ ਭੰਡਾਰ ਹੈ। ਅਮਰੀਕਾ ਦੇ ਕੇਂਦਰੀ ਬੈਂਕ ਕੋਲ ਦੁਨੀਆ ’ਚ ਸਭ ਤੋਂ ਜ਼ਿਆਦਾ 8,133 ਟਨ ਸੋਨਾ ਹੈ ਪਰ ਉਸ ਦੀਆਂ ਖਾਨਾਂ ’ਚ 3,000 ਟਨ ਸੋਨਾ ਹੈ। ਇਸ ਤੋਂ ਬਾਅਦ ਪੇਰੂ (2,500 ਟਨ), ਬ੍ਰਾਜ਼ੀਲ (2,400 ਟਨ), ਕਜ਼ਾਕਸਤਾਨ (2,300 ਟਨ), ਉਜ਼ਬੇਕਿਸਤਾਨ (1,800 ਟਨ), ਮੈਕਸੀਕੋ (1,400 ਟਨ), ਘਾਨਾ (1,000 ਟਨ), ਮਾਲੀ (800 ਟਨ), ਕੋਲੰਬੀਆ (700 ਟਨ) ਅਤੇ ਤਨਜਾਨੀਆ (400 ਟਨ) ਦਾ ਨੰਬਰ ਹੈ।
ਉਤਪਾਦਨ ਦੇ ਮਾਮਲੇ ’ਚ ਚੀਨ ਸਭ ਤੋਂ ਅੱਗੇ
ਸੋਨੇ ਦੇ ਉਤਪਾਦਨ ਦੇ ਮਾਮਲੇ ’ਚ ਚੀਨ ਸਭ ਤੋਂ ਅੱਗੇ ਹੈ। ਇਸ ਦੇਸ਼ ’ਚ 2023 ’ਚ ਸੋਨੇ ਦਾ ਉਤਪਾਦਨ 378.2 ਟਨ ਰਿਹਾ ਸੀ। ਰੂਸ 321.8 ਟਨ ਨਾਲ ਦੂਜੇ ਨੰਬਰ ’ਤੇ ਰਿਹਾ। ਆਸਟ੍ਰੇਲੀਆ ’ਚ 2023 ’ਚ ਸੋਨੇ ਦਾ ਉਤਪਾਦਨ 293.8 ਟਨ, ਕੈਨੇਡਾ ’ਚ 191.9 ਟਨ, ਅਮਰੀਕਾ ’ਚ 166.7 ਟਨ, ਘਾਨਾ ’ਚ 135.1 ਟਨ, ਇੰਡੋਨੇਸ਼ੀਆ ’ਚ 132.5 ਟਨ, ਪੇਰੂ ’ਚ 128.8 ਟਨ, ਮੈਕਸੀਕੋ ’ਚ 12.6 ਟਨ ਅਤੇ ਉਜ਼ਬੇਕਿਸਤਾਨ ’ਚ 119.6 ਟਨ ਸੀ। ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਪਿਛਲੇ ਲਗਾਤਾਰ 3 ਸਾਲ 1,000 ਟਨ ਤੋਂ ਜ਼ਿਆਦਾ ਸੋਨੇ ਦੀ ਖਰੀਦ ਕੀਤੀ।
