ਬ੍ਰਿਸਬੇਨ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ
Thursday, Jul 01, 2021 - 03:19 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਦੇਸ਼ ਤੇ ਵਿਦੇਸ਼ ਵਿਚ ਜਿੱਥੇ ਹਰ ਪਾਸੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਗੁਰਦੁਆਰਾ ਸਿੰਘ ਸਭਾ ਟੈਂਗਮ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨੁੱਖਤਾ ਦੇ ਹਮਦਰਦ, ਨਿਮਰਤਾ ਦੇ ਪੁੰਜ, ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਠ ਪਾਠ ਜੀ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।ਜਿਸ ’ਚ ਬੱਚਿਆਂ ਅਤੇ ਭਾਈ ਪਰਮਜੀਤ ਸਿੰਘ, ਸਤਵੀਰ ਸਿੰਘ ਤੇ ਹਰਮਨਜੀਤ ਸਿੰਘ ਆਦਿ ਦੇ ਪੰਥ ਪ੍ਰਸਿੱਧ ਜੱਥਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ, ਵੀਰ ਰਸੀ ਵਾਰਾਂ ਤੇ ਕਥਾ ਵਿਚਾਰਾ ਦੁਆਰਾ ਗੁਰੂ ਸਾਹਿਬਾਨ ਜੀ ਵਲੋਂ ਦਰਸਾਏ ਗਏ ਜੀਵਨ ਫ਼ਲਸਫੇ ਤੇ ਸਿੱਖਿਆਵਾ ਬਾਰੇ ਚਾਨਣਾ ਪਾਉਦਿਆਂ ਸੰਗਤਾ ਨੂੰ ਦੱਸਿਆ ਕਿ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹਾਨ ਬਲੀਦਾਨ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੇ ਯੁੱਗ ਤੇ ਕ੍ਰਾਂਤੀ ਦੀ ਨੀਹ ਰੱਖੀ, ਉੱਥੇ ਮਾਨਵਤਾ ਦੀ ਭਲਾਈ ਲਈ ਜਬਰ ਤੇ ਜੁਲਮ ਦੇ ਖਿਲਾਫ ਸਿਦਕ ਤੇ ਸਿਰੜ ਨਾਲ ਅਵਾਜ਼ ਬੁਲੰਦ ਕਰ ਅਣਖ ਨਾਲ ਜਿਊਣ ਲਈ ਪ੍ਰੇਰਨਾ ਵੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ - 70 ਸਾਲ ਦੀ ਕੋਸ਼ਿਸ਼ ਮਗਰੋਂ WHO ਨੇ ਚੀਨ ਨੂੰ ਮਲੇਰੀਆ ਮੁਕਤ ਕੀਤਾ ਘੋਸ਼ਿਤ
ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ, ਕ੍ਰਾਂਤੀਕਾਰੀ ਵਿਚਾਰਧਾਰਾ, ਕਿਰਤ ਕਰੋ ਤੇ ਵੰਡ ਕੇ ਛੱਕੋ, ਸੱਚਾ-ਸੁੱਚਾ ਜੀਵਨ ਜਿਊਣ, ਸਮਾਜਿਕ ਬਰਾਬਰੀ ਦੀ ਜੀਵਨ ਜਾਂਚ, ਨਾਮ ਸਿਮਰਨ, ਹਾਊਮੇ-ਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਆਦਿ ਦੇ ਸੰਦੇਸ਼ ਦਿੱਤੇ ਹਨ ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦੇ ਹਨ।ਉਪਰੰਤ ਗੁਰੂ ਘਰ ਦੇ ਸੇਵਾਦਾਰ ਪਰਮਜੀਤ ਸਿੰਘ ਸਕੱਤਰ ਨੇ ਸੰਗਤਾ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਗੁਰੂ ਜੀ ਦੀ ਸ਼ਹੀਦੀ ਦੇ ਮਹਾਨ ਬਲੀਦਾਨ ਅਤੇ ਜੀਵਨ ਵਿੱਚ ਦਰਸਾਏ ਮਾਰਗ ਤੋ ਸੇਧ ਲੈ ਕੇ ਗੁਰੂ ਵਾਲੇ ਬਣਨ ਅਤੇ ਬਾਣੇ ਤੇ ਬਾਣੀ ਦੇ ਧਾਰਨੀ ਬਣਨਾ ਚਾਹੀਦਾ ਹੈ।ਇਸ ਮੌਕੇ ਤੇ ਗੁਰੂ ਦੀਆ ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀ ਭਰੀ।ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।