ਲਾਕਡਾਊਨ ਦਾ ਦਰਦ ਬਿਆਨ ਕਰਦੀ ਪੁਸਤਕ "ਤਾਲਾਬੰਦੀ ਦੀ ਦਾਸਤਾਨ" ਰਿਲੀਜ਼
Tuesday, Nov 02, 2021 - 04:52 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਸਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਿੰਦਰ ਕੋਲੀਆਂਵਾਲ ਦੀ ਨਵੀਂ ਪੁਸਤਕ "ਤਾਲਾਬੰਦੀ ਦੀ ਦਾਸਤਾਨ" ਦਾ ਘੁੰਡ ਚੁਕਾਈ ਸਮਾਗਮ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਜੰਮੂ ਇੰਡੀਅਨ ਰੈਸਟੋਰੈਂਟ ਵਿਖੇ ਹੋਇਆ। ਸਾਹਿਬਦੀਪ ਪ੍ਰਕਾਸ਼ਨ ਵੱਲੋਂ ਛਾਪੀ ਗਈ ਇਸ ਨਵੀਂ ਪੁਸਤਕ ਵਿਚ ਕੋਲੀਆਂਵਾਲ ਵੱਲੋਂ ਬਹੁਤ ਹੀ ਗੰਭੀਰਤਾ ਦੇ ਨਾਲ ਕੋਰੋਨਾ ਮਹਾਮਾਰੀ ਦੌਰਾਨ ਲੱਗੀ ਤਾਲਾਬੰਦੀ ਬਾਰੇ ਨਿੱਜੀ ਅਤੇ ਸਮਾਜਿਕ ਅਨੁਭਵਾਂ ਨੂੰ ਕਲਮ ਦੇ ਜ਼ਰੀਏ ਸ਼ਬਦੀ ਜਾਮਾ ਪਹਿਨਾਇਆ ਗਿਆ ਹੈ।
ਬਿੰਦਰ ਕੋਲੀਆਂਵਾਲ ਦੀ ਇਹ ਛੇਵੀਂ ਪੁਸਤਕ ਹੈ ਜੋ ਕਿ ਸਾਹਿਤਕ ਸਿਰਜਣਾ ਪੱਖੋਂ ਇਕ ਬਹੁਤ ਹੀ ਉੱਚ ਪਾਏ ਦੀ ਸਿਰਜਣਾ ਹੈ। ਪੁਸਤਕ ਦੀ ਘੁੰਡ ਚੁਕਾਈ ਸਮੇਂ ਲੇਖਕ ਬਿੰਦਰ ਕੋਲੀਆਂਵਾਲ, ਸਾਹਿਤ ਸੁਰ ਸੰਗਮ ਸਭਾ ਇਟਲੀ ਤੋਂ ਰਾਜੂ ਹਠੂਰੀਆ, ਗੀਤਕਾਰ ਸਿੱਕੀ ਝੱਜੀਪਿੰਡੀ, ਮੇਜਰ ਸਿੰਘ ਖੱਖ (ਚਿੱਤਰਕਾਰ), ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ ਆਦਿ ਦੇ ਨਾਲ-ਨਾਲ ਸ.ਸੰਤੋਖ ਸਿੰਘ ਲਾਲੀ, ਕੁਮੈਂਟੇਟਰ ਬੱਬੂ ਜਲੰਧਰੀ, ਸ. ਜਗਜੀਤ ਸਿੰਘ ਈਸ਼ਰਹੇਲ ਸਮੇਤ ਰਾਜਨਿਤਕ, ਸਮਾਜਿਕ ਤੇ ਖੇਡ ਖੇਤਰ ਦੀਆਂ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।