ਅਮਰੀਕੀ ਨਿਊਜ਼ ਚੈਨਲ ਦੇ ਬਾਹਰ ਭਾਰਤੀਆਂ ਦਾ ਪ੍ਰਦਰਸ਼ਨ!

03/27/2017 5:48:50 PM

ਵਾਸ਼ਿੰਗਟਨ— ਅਮਰੀਕਾ ਦੇ ਸ਼ਿਕਾਗੋ ਵਿਚ ਭਾਰਤੀਆਂ ਨੇ ਨਿਊਜ਼ ਚੈਨਲ ਸੀ. ਐੱਨ. ਐੱਨ. ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਚੈਨਲ ਵੱਲੋਂ ਅਘੋਰੀਆ ''ਤੇ ਬਣਾਏ ਗਏ ਇਕ ਪ੍ਰੋਗਰਾਮ ਵਿਚ ਹਿੰਦੂ ਧਰਮ ਨੂੰ ਗਲਤ ਤਰੀਕੇ ਨਾਲ ਦਿਖਾਉਣ ਕਰਕੇ ਕੀਤਾ ਗਿਆ। ਅਮਰੀਕੀ-ਹਿੰਦੂ ਸੰਸਥਾਵਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਾਂਪੱਖੀ ਤਸਵੀਰ ਦਿਖਾਉਣ ਨਾਲ ਅਮਰੀਕਾ ਵਿਚ ਭਾਰਤੀਆਂ ''ਤੇ ਹੋਣ ਵਾਲੇ ਨਸਲੇ ਹੋਰ ਵਧ ਸਕਦੇ ਹਨ। ਚੈਨਲ ''ਤੇ ਇਹ ਪ੍ਰੋਗਰਾਮ ਦਿਖਾਏ ਜਾਣ ਤੋਂ ਬਾਅਦ ਨਿਊਯਾਰਕ, ਵਾਸ਼ਿੰਗਟਨ, ਹਿਊਸਟਨ, ਐਟਲਾਂਟਾ, ਸਾਨ ਫਰਾਂਸਿਸਕੋ ਅਤੇ ਲਾਸ ਏਂਜਲਸ ਵਿਚ ਪ੍ਰਦਰਸ਼ਨ ਹੋਏ ਸਨ। ਸਾਨ ਫਰਾਂਸਿਸਕੋ ਯੂਨੀਵਰਸਿਟੀ ਵਿਚ ਮੀਡੀਆ ਸਿੱਖਿਆ ਦੇ ਪ੍ਰੋਫੈਸਰ ਵਾਮਸੀ ਜੁਲੂਰੀ ਨੇ ਇਸ ਪ੍ਰੋਗਰਾਮ ਨੂੰ ਨਸਲੀ ਅਤੇ ਪਰਵਾਸੀ-ਵਿਰੋਧੀ ਕਰਾਰ ਦਿੱਤਾ ਹੈ। ਜੁਲੂਰੀ ਨੇ ਕਿਹਾ ਕਿ ਪ੍ਰੋਗਰਾਮ ਵਿਚ ਕਈ ਗਲਤੀਆਂ ਸਨ। ਅਨੁਵਾਦ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਸਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਲੰਬੇਂ ਸਮੇਂ ਤੋਂ ਰਹਿ ਰਹੇ ਪਰਵਾਸੀਆਂ ਦੇ ਲਿਹਾਜ਼ ਨਾਲ ਇਹ ਤਸਵੀਰ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅਮਰੀਕਾ ਸੰਬੰਧੀ ਗੱਲਾਂ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਨਹੀਂ ਪੇਸ਼ ਕੀਤਾ ਜਾਂਦਾ। ਯੂ. ਐੱਸ. ਇੰਡੀਅਨ ਪਾਲਿਟੀਕਲ ਐਕਸ਼ਨ ਕਮੇਟੀ ਨੇ ਕਿਹਾ ਕਿ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਧਰਮ ਦੇ ਬਾਰੇ ਇਹ ਨਜ਼ਰੀਆ ਬੜਾ ਅਜੀਬ ਹੈ।

Kulvinder Mahi

News Editor

Related News