ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਲਈ ਵੱਡੀ ਖ਼ੁਸ਼ਖ਼ਬਰੀ
Tuesday, May 17, 2022 - 11:14 AM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਨਾਲ ਜੁੜੀਆਂ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ 6 ਮਹੀਨੇ ਅੰਦਰ ਕਰਨ ਦਾ ਸੁਝਾਅ ਦੇਣ ਸਬੰਧੀ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਵ੍ਹਾਈਟ ਹਾਊਸ ਵੱਲੋਂ ਪ੍ਰੈਜ਼ੀਡੈਂਟਸ ਐਡਵਾਇਜ਼ਰੀ ਕਮਿਸ਼ਨ ਆਨ ਏਸ਼ੀਅਨ ਅਮਰੀਕਨਸ, ਨੇਟਿਵ ਹਵਾਈਅਨਜ਼ ਐਂਡ ਪੈਸੀਫਿਕ ਆਈਲੈਂਡਰਜ਼ (PACAANHPI) ਦੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਗ੍ਰੀਨ ਕਾਰਡ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੋਵੇਗੀ।
PACAANHPI ਦੀ ਬੈਠਕ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੈ ਜੈਨ ਭੂਟੋਰੀਆ ਨੇ ਇਸ ਸਬੰਧ ਵਿਚ ਇਕ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਸਾਰੇ 25 ਕਮਿਸ਼ਨਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਰਾਜਧਾਨੀ ਵਿਚ ਆਯੋਜਿਤ ਇਸ ਬੈਠਕ ਦਾ ਪਿਛਲੇ ਹਫ਼ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਗ੍ਰੀਨ ਕਾਰਡ ਦੀਆਂ ਲੰਬਿਤ ਅਰਜ਼ੀਆਂ ਦੀ ਸੰਖਿਆ ਘਟਾਉਣ ਲਈ ਸਲਾਹਕਾਰ ਕਮਿਸ਼ਨ ਨੇ 'ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵੀਸਜ਼ (ਯੂ.ਐੱਸ.ਸੀ.ਆਈ.ਐੱਸ.)' ਨੂੰ ਆਪਣੀਆਂ ਪ੍ਰਕਿਰਿਆਵਾਂ, ਪ੍ਰਣਾਲੀਆਂ ਅਤੇ ਨੀਤੀਆਂ ਦੀ ਸਮੀਖਿਆ ਕਰਨ, ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਕੇ ਇਸ ਨੂੰ ਨਵੀਂ ਰੂਪ-ਰੇਖਾ ਦੇਣ, ਬੇਲੋੜੀ ਪ੍ਰਕਿਰਿਆ ਨੂੰ ਸਮਾਪਤ ਕਰਨ (ਜੇਕਰ ਕੋਈ ਹੋਵੇ ਤਾਂ), ਕਿਸੇ ਵੀ ਮਨਜ਼ੂਰੀ ਨੂੰ ਸਵੈਚਲਿਤ ਬਣਾਉਣ ਅਤੇ ਪ੍ਰਣਾਲੀ ਨੂੰ ਬਿਹਤਰ ਬਣਾਉਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਸਾਵਧਾਨ, ਭੇਦਭਰੀ ਹੈਪੇਟਾਈਟਸ ਨੇ 21 ਦੇਸ਼ਾਂ ’ਚ ਪਸਾਰੇ ਪੈਰ, ਹੁਣ ਤੱਕ ਇਕ ਦਰਜਨ ਬੱਚਿਆਂ ਦੀ ਮੌਤ
ਇਸ ਦਾ ਉਦੇਸ਼ ਪਰਿਵਾਰ-ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ, ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ' (DACA) ਪਾਲਿਸੀ ਦਾ ਨਵੀਨੀਕਰਨ, ਹੋਰ ਸਾਰੀਆਂ ਗ੍ਰੀਨ ਕਾਰਡ ਅਰਜ਼ੀਆਂ ਲਈ ਪ੍ਰੋਸੈਸਿੰਗ ਸਮੇਂ ਨੂੰ ਘਟਾਉਣਾ ਅਤੇ ਅਰਜ਼ੀਆਂ ਮਿਲਣ ਦੇ 6 ਮਹੀਨਿਆਂ ਦੇ ਅੰਦਰ ਇਸ ਦੀ ਨਿਪਟਾਰਾ ਕਰਨਾ ਹੈ। ਭੂਟੋਰੀਆ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ, ਵਿੱਤੀ ਸਾਲ 2021 ਲਈ ਉਪਲੱਬਧ 2,26,000 ਗ੍ਰੀਨ ਕਾਰਡਾਂ ਵਿੱਚੋਂ, ਪਰਿਵਾਰ ਅਧਾਰਤ ਸਿਰਫ਼ 65,452 ਗ੍ਰੀਨ ਕਾਰਡ ਜਾਰੀ ਕੀਤੇ ਗਏ ਸਨ। ਉਥੇ ਹੀ ਅਪ੍ਰੈਲ 2022 ਵਿੱਚ, ਇਸ ਸਬੰਧ ਵਿੱਚ 421,358 ਲੋਕਾਂ ਦੇ ਇੰਟਰਵਿਊ ਪੈਂਡਿੰਗ ਸਨ, ਜਦੋਂ ਕਿ ਮਾਰਚ ਵਿੱਚ ਇਹ ਗਿਣਤੀ 436,700 ਸੀ।
ਇਹ ਵੀ ਪੜ੍ਹੋ: ਮਸ਼ਹੂਰ ਰੈਪਰ KSI ਰਾਤੋ-ਰਾਤ ਹੋਇਆ ਕੰਗਾਲ, ਖਾਤੇ 'ਚ ਪਏ 21 ਕਰੋੜ ਅਚਾਨਕ ਬਦਲੇ 50 ਹਜ਼ਾਰ 'ਚ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।