ਪਾਕਿਸਤਾਨ ''ਚ 2 ਮਾਰਚ ਤੱਕ ਨਵੀਂ ਸਰਕਾਰ ਦੇ ਗਠਨ ਦੀ ਸੰਭਾਵਨਾ
Saturday, Feb 24, 2024 - 04:23 PM (IST)

ਇਸਲਾਮਾਬਾਦ (ਭਾਸ਼ਾ)- ਸੱਤਾ ਸਾਂਝੀ ਕਰਨ ਸਬੰਧੀ ਸਮਝੌਤੇ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ 2 ਮਾਰਚ ਤੱਕ ਗਠਜੋੜ ਸਰਕਾਰ ਬਣਾਉਣ ਅਤੇ 9 ਮਾਰਚ ਤੋਂ ਪਹਿਲਾਂ ਰਾਸ਼ਟਰਪਤੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੂੰ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦਾ ਸਮਰਥਨ ਮਿਲੇਗਾ। ਇਹ ਦੋਵੇਂ ਪਾਰਟੀਆਂ 8 ਫਰਵਰੀ ਨੂੰ ਹੋਈਆਂ ਚੋਣਾਂ ਤੋਂ ਬਾਅਦ ਮਿਲ ਕੇ ਨਵੀਂ ਸਰਕਾਰ ਬਣਾਉਣ ਲਈ ਸਹਿਮਤ ਹੋ ਗਈਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (72) ਇਕ ਵਾਰ ਫਿਰ ਉੱਚ ਅਹੁਦਾ ਸੰਭਾਲਦੇ ਨਜ਼ਰ ਆਉਣਗੇ। ਸ਼ਾਹਬਾਜ਼ ਦੇ ਵੱਡੇ ਭਰਾ ਨਵਾਜ਼ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਪੀ.ਐੱਮ.ਐੱਲ.-ਐੱਨ. ਪ੍ਰਧਾਨ ਨੂੰ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਅਜਿਹੀ ਸਰਕਾਰ ਦੀ ਅਗਵਾਈ ਨਹੀਂ ਕਰਨਾ ਚਾਹੁੰਦੇ ਜਿਸ ਵਿੱਚ ਪੀ.ਐੱਮ.ਐੱਨ.-ਐੱਲ. ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ। ਦੋਵਾਂ ਪਾਰਟੀਆਂ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਨ ਵਾਲੇ ਉਮੀਦਵਾਰਾਂ ਨਾਲੋਂ ਘੱਟ ਸੀਟਾਂ ਜਿੱਤੀਆਂ ਹਨ। 'ਦਿ ਨਿਊਜ਼ ਇੰਟਰਨੈਸ਼ਨਲ' ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਚੋਣਾਂ 9 ਮਾਰਚ ਤੋਂ ਪਹਿਲਾਂ ਕਰਵਾਉਣ ਦੇ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਦੇਸ਼ ਭਰ ਦੀਆਂ ਨਵੀਆਂ ਚੁਣੀਆਂ ਗਈਆਂ ਵਿਧਾਨ ਸਭਾਵਾਂ 29 ਫਰਵਰੀ ਤੱਕ ਸਹੁੰ ਚੁੱਕ ਲੈਣਗੀਆਂ ਅਤੇ 2 ਮਾਰਚ ਤੱਕ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ। ਸਾਬਕਾ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਦਾ ਪੰਜ ਸਾਲ ਦਾ ਕਾਰਜਕਾਲ ਅਧਿਕਾਰਤ ਤੌਰ 'ਤੇ ਪਿਛਲੇ ਸਾਲ ਸਤੰਬਰ ਵਿੱਚ ਖ਼ਤਮ ਹੋ ਗਿਆ ਸੀ ਪਰ ਉਹ ਆਪਣੇ ਨਿਰਧਾਰਤ ਸੰਵਿਧਾਨਕ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹੇ।
ਇਹ ਵੀ ਪੜ੍ਹੋ: ਆਸਟ੍ਰੇਲੀਆ ਨੇ ਯੂਕ੍ਰੇਨ ਦੇ ਸਮਰਥਨ 'ਚ ਦਰਜਨਾਂ ਰੂਸੀ ਨਾਗਰਿਕਾਂ ਤੇ ਸੰਸਥਾਵਾਂ 'ਤੇ ਲਗਾਈਆਂ ਪਾਬੰਦੀਆਂ
ਪੀ.ਐੱਮ.ਐੱਲ.-ਐੱਨ., ਪੀ.ਪੀ.ਪੀ. ਅਤੇ ਉਨ੍ਹਾਂ ਦੇ ਸਹਿਯੋਗੀ ਦਲ ਚਾਹੁੰਦੇ ਹਨ ਕਿ ਸੈਨੇਟ ਦੇ ਮੌਜੂਦਾ ਕਾਰਜਕਾਲ ਦੇ ਪੂਰਾ ਹੋਣ ਤੋਂ ਪਹਿਲਾਂ 8 ਮਾਰਚ ਤੱਕ ਰਾਸ਼ਟਰਪਤੀ ਚੋਣਾਂ ਕਰਵਾਈਆਂ ਜਾਣ ਅਤੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ। ਪੀ.ਪੀ.ਪੀ. ਦੇ ਸੀਨੀਅਰ ਨੇਤਾ ਸੈਨੇਟਰ ਫਾਰੂਕ ਐੱਚ. ਨਾਇਕ ਨੇ ਕਿਹਾ ਕਿ ਸੰਵਿਧਾਨ ਦੀ ਦੂਜੀ ਅਨੁਸੂਚੀ ਦੇ ਨਾਲ ਪੜ੍ਹੀ ਜਾਣ ਵਾਲੀ ਧਾਰਾ 41 ਦੇ ਅਨੁਸਾਰ ਰਾਸ਼ਟਰਪਤੀ ਦੀ ਚੋਣ ਆਮ ਚੋਣਾਂ ਦੇ 30 ਦਿਨਾਂ ਦੇ ਅੰਦਰ ਹੋਣੀ ਚਾਹੀਦੀ ਹੈ। ਰਿਪੋਰਟ 'ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ, ''ਇਸਦਾ ਮਤਲਬ ਹੈ ਕਿ ਰਾਸ਼ਟਰਪਤੀ ਦੀ ਚੋਣ 9 ਮਾਰਚ ਤੋਂ ਪਹਿਲਾਂ ਹੋਣੀ ਹੈ।'' ਪੀ.ਪੀ.ਪੀ. ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ (68) ਦੇ ਰਾਸ਼ਟਰਪਤੀ ਅਹੁਦੇ 'ਤੇ ਵਾਪਸ ਆਉਣ ਦੀ ਸੰਭਾਵਨਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਪੀ.ਪੀ.ਪੀ. ਅਤੇ ਪੀ.ਐੱਮ.ਐੱਲ.-ਐੱਨ. ਨੇ ਆਸਿਫ਼ ਅਲੀ ਜ਼ਰਦਾਰੀ ਨੂੰ ਸਾਂਝੇ ਉਮੀਦਵਾਰ ਵਜੋਂ ਸੰਵਿਧਾਨਕ ਅਹੁਦੇ ਲਈ ਨਾਮਜ਼ਦ ਕਰਨ ਲਈ ਸਹਿਮਤੀ ਜਤਾਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।