ਅਫ਼ਗਾਨਿਸਤਾਨ ''ਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ; 1000 ਏਕੜ ''ਚ ਫੈਲੀ ਅਫ਼ੀਮ ਦੀ ਖੇਤੀ ਕਰ''ਤੀ ਤਬਾਹ

Monday, May 25, 2026 - 03:10 PM (IST)

ਅਫ਼ਗਾਨਿਸਤਾਨ ''ਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ; 1000 ਏਕੜ ''ਚ ਫੈਲੀ ਅਫ਼ੀਮ ਦੀ ਖੇਤੀ ਕਰ''ਤੀ ਤਬਾਹ

ਕਾਬੁਲ (ਆਈਏਐਨਐਸ): ਅਫ਼ਗਾਨਿਸਤਾਨ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉੱਤਰੀ ਅਫ਼ਗਾਨਿਸਤਾਨ ਦੇ ਸਮੰਗਨ ਸੂਬੇ ਵਿੱਚ ਪੁਲਿਸ ਨੇ ਪਿਛਲੇ ਦੋ ਦਿਨਾਂ ਦੌਰਾਨ ਲਗਭਗ 1,000 ਏਕੜ ਜ਼ਮੀਨ 'ਤੇ ਫੈਲੀ ਅਫ਼ੀਮ (Poppy) ਦੀ ਖੇਤੀ ਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਗੈਰ-ਕਾਨੂੰਨੀ ਫਸਲਾਂ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਹਿੱਸਾ ਹੈ।

ਸੂਬਾਈ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਰਹਿਮਾਨੀ ਨੇ ਦੱਸਿਆ ਕਿ ਇਹ ਨਸ਼ਾ ਵਿਰੋਧੀ ਆਪ੍ਰੇਸ਼ਨ ਦਾਰਾ-ਇ-ਸੁਫ ਪਾਏਨ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਚਲਾਇਆ ਗਿਆ। ਵੀਕੈਂਡ ਤੋਂ ਸ਼ੁਰੂ ਹੋਈ ਇਸ ਮੁਹਿੰਮ ਵਿੱਚ ਪੁਲਿਸ ਨੇ ਹਜ਼ਾਰਾਂ ਏਕੜ ਅਫ਼ੀਮ ਦੀ ਫਸਲ ਨੂੰ ਹਲ ਚਲਾ ਕੇ ਤਬਾਹ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਜਾਂ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਿਰਫ ਸਮੰਗਨ ਹੀ ਨਹੀਂ, ਸਗੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਬਾਗਲਾਨ, ਤਖਾਰ ਅਤੇ ਬਦਖਸ਼ਾਨ ਸੂਬਿਆਂ ਵਿੱਚ ਵੀ ਸੈਂਕੜੇ ਏਕੜ ਅਫ਼ੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 10 ਮਈ ਨੂੰ ਬਾਗਲਾਨ ਸੂਬੇ ਵਿੱਚ ਲਗਭਗ 400 ਏਕੜ ਖੇਤੀ ਤਬਾਹ ਕੀਤੀ ਗਈ ਸੀ। ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਦੇਸ਼ ਭਰ ਵਿੱਚ ਛਾਪੇਮਾਰੀ ਜਾਰੀ ਹੈ। ਹਾਲ ਹੀ ਵਿੱਚ ਹੋਈਆਂ ਕਾਰਵਾਈਆਂ ਦੌਰਾਨ ਨਿਮਰੋਜ਼ ਸੂਬੇ ਵਿੱਚ 55 ਕਿਲੋ ਮੈਥਾਮਫੇਟਾਮਾਈਨ  ਜ਼ਬਤ ਕੀਤੀ ਗਈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ 80 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਤਸਕਰਾਂ ਕੋਲੋਂ ਵੱਡੀ ਮਾਤਰਾ ਵਿੱਚ ਹਸ਼ੀਸ਼, ਹੈਰੋਇਨ ਬਣਾਉਣ ਦਾ ਸਾਮਾਨ ਅਤੇ ਨਸ਼ੀਲੀਆਂ ਗੋਲੀਆਂ (Tablet K) ਬਰਾਮਦ ਹੋਈਆਂ ਹਨ। ਪੁਲਿਸ ਨੇ ਨਸ਼ਾ ਤਸਕਰਾਂ ਵਿੱਚ ਖ਼ੌਫ਼ ਪੈਦਾ ਕਰਨ ਲਈ ਖੋਸਤ ਸੂਬੇ ਵਿੱਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਜਨਤਕ ਤੌਰ 'ਤੇ ਅੱਗ ਲਗਾ ਕੇ ਨਸ਼ਟ ਕੀਤਾ। ਇਸ ਵਿੱਚ ਹੈਰੋਇਨ, ਅਫ਼ੀਮ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ਼ ਵਿੱਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News