ਨਿਮੋਨੀਆ ਤੋਂ ਪੀੜਤ ਪੋਪ ਦੀ ਸਿਹਤ ’ਚ ਸੁਧਾਰ
Friday, Feb 21, 2025 - 03:10 PM (IST)

ਰੋਮ (ਏਜੰਸੀ)- ਪੋਪ ਫ੍ਰਾਂਸਿਸ ਨਿਮੋਨੀਆ ਤੋਂ ਠੀਕ ਹੋ ਰਹੇ ਹਨ ਤੇ ਹਸਪਤਾਲ ’ਚ 6 ਦਿਨਾਂ ਬਾਅਦ ਵੀਰਵਾਰ ਸਵੇਰੇ ਉਨ੍ਹਾਂ ਨੇ ਆਪਣੇ ਬਿਸਤਰੇ ਤੋਂ ਉੱਠ ਕੇ ਨਾਸ਼ਤਾ ਕੀਤਾ। ਵੈਟੀਕਨ ਨੇ ਇਹ ਜਾਣਕਾਰੀ ਦਿੱਤੀ। ਵੈਟੀਕਨ ਦੇ ਬੁਲਾਰੇ ਮਾਟੇਓ ਬਰੂਨੀ ਨੇ ਬੁੱਧਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ 88 ਸਾਲਾ ਪੋਪ ਦੇ ਖੂਨ ਦੇ ਟੈਸਟਾਂ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਸਿਹਤ ਵਿਚ ‘ਮਾਮੂਲੀ ਸੁਧਾਰ’ ਦਿਖਿਆ ਹੈ। ਉਹ 2023 ’ਚ ਨਿਮੋਨੀਆ ਤੋਂ ਗੰਭੀਰ ਰੂਪ ਨਾਲ ਪੀੜਤ ਹੋਏ ਸਨ।
ਫ੍ਰਾਂਸਿਸ ਨਾਲ ਬੁੱਧਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਫ੍ਰਾਂਸਿਸ ਚੰਗੇ ਮੂਡ ਵਿਚ ਸਨ ਤੇ ਉਨ੍ਹਾਂ ਨੇ ਹਮੇਸ਼ਾ ਵਾਂਗ ਹਾਸਾ-ਮਜ਼ਾਕ ਕੀਤਾ। ਫਰਾਂਸਿਸ ਨੂੰ ਬ੍ਰੌਨਕਾਈਟਿਸ ਤੋਂ ਪੀੜਤ ਹੋਣ ਤੋਂ ਬਾਅਦ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਡਾਕਟਰਾਂ ਨੇ ਦੋਵਾਂ ਫੇਫੜਿਆਂ ਵਿੱਚ ਨਮੂਨੀਆ ਦਾ ਪਤਾ ਲਗਾਇਆ। ਇਸ ਦੇ ਨਾਲ ਹੀ, ਉਨ੍ਹਾਂ ਦੀ ਸਾਹ ਦੀ ਨਾਲੀ ਵਿੱਚ 'ਪੌਲੀਮਾਈਕ੍ਰੋਬਾਇਲ' ਇਨਫੈਕਸ਼ਨ ਵੀ ਪਾਇਆ ਗਿਆ।