ਸਕਾਟਲੈਂਡ ''ਚ ਛਾਪੇਮਾਰੀ ਦੌਰਾਨ ਪੁਲਸ ਨੇ ਜ਼ਬਤ ਕੀਤੀਆਂ ਨਸ਼ੀਲੀਆਂ ਗੋਲੀਆਂ

Thursday, Jan 21, 2021 - 01:27 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਪੁਲਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿਚ ਬੁੱਧਵਾਰ ਨੂੰ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਜ਼ਬਤ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਗ੍ਰੀਨਕ 'ਚ ਇਕ ਘਰ ਦੀ ਤਲਾਸ਼ੀ ਲੈਣ 'ਤੇ ਤਕਰੀਬਨ 1 ਲੱਖ 70 ਹਜ਼ਾਰ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ । 

ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਰੈਡਪੋਲ ਪਲੇਸ ਗ੍ਰੀਨੋਕ ਵਿਚ ਇਕ ਜਾਇਦਾਦ 'ਤੇ ਵਾਰੰਟ ਸਣੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਇਕ 48 ਸਾਲਾ ਵਿਅਕਤੀ 'ਤੇ 90,000 ਪੌਂਡ ਦੇ ਮੁੱਲ ਦੀਆਂ ਐਟੀਜ਼ੋਲਮ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ। 

ਇਨ੍ਹਾਂ ਗੋਲੀਆਂ ਨੂੰ ਵੈਲੀਅਮ ਦੇ ਸਮਾਨ ਬੈਂਜੋਡਿਆਜ਼ੇਪੀਨ ਵਰਗੇ ਨਸ਼ੀਲੇ ਪਦਾਰਥ ਵਜੋਂ ਦਰਸਾਇਆ ਜਾਂਦਾ ਹੈ ਪਰ ਇਹ ਉਸ ਨਾਲੋਂ ਲਗਭਗ 10 ਗੁਣਾ ਵਧੇਰੇ ਜ਼ਹਿਰੀਲੀਆਂ ਹਨ। ਰੇਨਫ੍ਰੈਸ਼ਾਇਰ ਅਤੇ ਇਨਵਰਕਲਾਈਡ ਦੀ ਕ੍ਰਾਈਮ ਟੀਮ ਦੇ ਇੰਸਪੈਕਟਰ ਰੌਬਰਟ ਬੋਈ ਨੇ ਇਸ ਨੂੰ ਪੁਲਸ ਦੀ ਇੱਕ ਵੱਡੀ ਕਾਮਯਾਬੀ ਦੱਸਿਆ ਹੈ, ਜਿਸ ਨਾਲ ਤਕਰੀਬਨ 1,70,000 ਤੋਂ ਵੱਧ ਐਟੀਜ਼ੋਲਮ ਗੋਲੀਆਂ ਨੂੰ ਖੇਤਰ ਦੇ ਲੋਕਾਂ ਤੱਕ ਪਹੁੰਚਣ ਤੋਂ ਰੋਕਿਆ ਗਿਆ ਹੈ।


Lalita Mam

Content Editor

Related News