ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ''ਤੇ ਪੁਲਸ ਦਾ ਛਾਪਾ, ਐਮਰਜੈਂਸੀ ਲਾ ਕੇ ਦੁਨੀਆ ਨੂੰ ਕਰ ''ਤਾ ਸੀ ਹੈਰਾਨ
Wednesday, Dec 11, 2024 - 09:40 AM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਦੇ ਦਫ਼ਤਰ 'ਤੇ ਛਾਪੇਮਾਰੀ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੱਖਣੀ ਕੋਰੀਆ ਦੀ ਪੁਲਸ ਨੇ ਉਨ੍ਹਾਂ ਦੇ ਦਫ਼ਤਰ 'ਤੇ ਛਾਪਾ ਮਾਰਿਆ ਹੈ। ਇਸ ਤੋਂ ਪਹਿਲਾਂ 9 ਦਸੰਬਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ 'ਤੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦੇਸ਼ ਦੇ ਨਿਆਂ ਮੰਤਰਾਲੇ ਮੁਤਾਬਕ, ਰਾਸ਼ਟਰਪਤੀ ਯੂਨ ਨੂੰ ਮਾਰਸ਼ਲ ਲਾਅ ਐਲਾਨ ਕਰਨ ਲਈ ਉਨ੍ਹਾਂ ਖਿਲਾਫ ਸ਼ੁਰੂ ਕੀਤੀ ਗਈ ਜਾਂਚ ਕਾਰਨ ਵਿਦੇਸ਼ ਯਾਤਰਾ ਕਰਨ ਜਾਂ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਮਾਰਸ਼ਲ ਲਾਅ ਲਗਾ ਕੇ ਦੇਸ਼ ਨੂੰ ਅਰਾਜਕਤਾ ਵਿਚ ਸੁੱਟ ਦਿੱਤਾ ਸੀ। ਯੂਨ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਧਿਰ ਇਕ ਵਾਰ ਫਿਰ ਸੰਸਦ 'ਚ ਉਨ੍ਹਾਂ ਖਿਲਾਫ ਮਹਾਦੋਸ਼ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਸੁਨੀਲ ਪਾਲ ਵਾਂਗ ਅਦਾਕਾਰ ਮੁਸ਼ਤਾਕ ਖਾਨ ਨੂੰ ਵੀ ਕੀਤਾ ਅਗਵਾ, ਈਵੈਂਟ ਬਹਾਨੇ ਸੱਦ ਕੇ ਵਸੂਲੇ 2 ਲੱਖ
ਅਚਾਨਕ ਲਾਇਆ ਸੀ ਮਾਰਸ਼ਲ ਲਾਅ
ਯੂਨ ਨੇ 3 ਦਸੰਬਰ ਦੀ ਰਾਤ ਨੂੰ ਅਚਾਨਕ ਮਾਰਸ਼ਲ ਲਾਅ ਦਾ ਐਲਾਨ ਕੀਤਾ ਅਤੇ ਸੰਸਦ ਵਿਚ ਵਿਸ਼ੇਸ਼ ਬਲ ਅਤੇ ਹੈਲੀਕਾਪਟਰ ਭੇਜੇ। ਵਿਰੋਧੀ ਧਿਰ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਰਾਸ਼ਟਰਪਤੀ ਯੂਨ ਨੂੰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਆਪਣੇ ਅਚਾਨਕ ਫੈਸਲੇ ਦੀ ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੇ ਹਨ।
ਹਾਲਾਂਕਿ, ਉਹ ਸੰਸਦ ਵਿਚ ਮਹਾਦੋਸ਼ ਪ੍ਰਸਤਾਵ ਤੋਂ ਬਚ ਗਏ ਸੀ, ਜਿਸ ਨਾਲ ਸਿਓਲ ਵਿਚ ਰਾਸ਼ਟਰਪਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਹੋਏ ਸਨ। ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਭਾਰੀ ਠੰਡ ਵਿਚ ਸੰਸਦ ਦੇ ਬਾਹਰ ਭਾਰੀ ਭੀੜ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣ ਦੇ ਬਾਵਜੂਦ ਯੂਨ ਸੁਕ ਯੋਲ ਅਤੇ ਉਸਦੇ ਨਜ਼ਦੀਕੀ ਸਾਥੀ ਕਥਿਤ ਬਗਾਵਤ ਦੀ ਜਾਂਚ ਸਮੇਤ ਕਈ ਜਾਂਚਾਂ ਦਾ ਸਾਹਮਣਾ ਕਰ ਰਹੇ ਹਨ।
ਨਿਆਂ ਮੰਤਰਾਲੇ ਨੇ ਹਾਲ ਹੀ ਵਿਚ ਪੁਸ਼ਟੀ ਕੀਤੀ ਹੈ ਕਿ ਯੂਨ ਦੱਖਣੀ ਕੋਰੀਆ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਹੁਦੇ 'ਤੇ ਰਹਿੰਦੇ ਹੋਏ ਦੇਸ਼ ਛੱਡਣ 'ਤੇ ਪਾਬੰਦੀ ਲਗਾਈ ਗਈ ਹੈ। ਪਿਛਲੇ ਹਫਤੇ ਰਾਸ਼ਟਰਪਤੀ ਯੂਨ ਨੇ ਉੱਤਰੀ ਕੋਰੀਆ ਦੀ ਹਮਾਇਤ ਪ੍ਰਾਪਤ 'ਰਾਸ਼ਟਰ ਵਿਰੋਧੀ' ਅਤੇ 'ਕਮਿਊਨਿਸਟ' ਤਾਕਤਾਂ ਖਿਲਾਫ ਫੈਸਲਾਕੁੰਨ ਲੜਾਈ ਵਿਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8