ਅਮਰੀਕਾ ’ਚ ਰਨਵੇਅ ’ਤੇ ਵਿਅਕਤੀ ਨਾਲ ਟਕਰਾਇਆ ਜਹਾਜ਼, ਇੰਜਣ ਨੂੰ ਲੱਗੀ ਅੱਗ
Sunday, May 10, 2026 - 04:27 AM (IST)
ਵਾਸ਼ਿੰਗਟਨ - ਅਮਰੀਕਾ ਦੇ ਡੇਨਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋ ਗਿਆ। ਫਰੰਟੀਅਰ ਏਅਰਲਾਈਨਜ਼ ਦਾ ਇਕ ਜਹਾਜ਼ ਟੇਕਆਫ ਦੌਰਾਨ ਰਨਵੇਅ ’ਤੇ ਮੌਜੂਦ ਇਕ ਪੈਦਲ ਵਿਅਕਤੀ ਨਾਲ ਟਕਰਾਅ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਦੇ ਇੰਜਣ ਨੂੰ ਅੱਗ ਲੱਗ ਗਈ ਅਤੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢਣਾ ਪਿਆ।
ਏਅਰਪੋਰਟ ਪ੍ਰਸ਼ਾਸਨ ਅਨੁਸਾਰ, ਇਹ ਜਹਾਜ਼ ਡੇਨਵਰ ਤੋਂ ਲਾਸ ਏਂਜਲਸ ਜਾ ਰਿਹਾ ਸੀ। ਹਾਦਸਾ ਰਾਤ ਕਰੀਬ 11:19 ਵਜੇ ਹੋਇਆ। ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਅਸੀਂ ਰਨਵੇਅ ’ਤੇ ਰੁਕ ਰਹੇ ਹਾਂ। ਅਸੀਂ ਕਿਸੇ ਨੂੰ ਟੱਕਰ ਮਾਰ ਦਿੱਤੀ ਹੈ। ਇੰਜਣ ਵਿਚ ਅੱਗ ਲੱਗੀ ਹੈ। ਜਹਾਜ਼ ਵਿਚ ਕੁੱਲ 231 ਲੋਕ ਸਵਾਰ ਸਨ। ਇਸ ਤੋਂ ਬਾਅਦ ਕੰਟਰੋਲ ਟਾਵਰ ਨੇ ਤੁਰੰਤ ਰਾਹਤ ਅਤੇ ਬਚਾਅ ਟੀਮਾਂ ਨੂੰ ਭੇਜਿਆ। ਕੁਝ ਦੇਰ ਬਾਅਦ ਪਾਇਲਟ ਨੇ ਜਹਾਜ਼ ਵਿਚ ਧੂੰਆਂ ਭਰਨ ਦੀ ਜਾਣਕਾਰੀ ਦਿੱਤੀ ਅਤੇ ਰਨਵੇਅ ’ਤੇ ਹੀ ਐਮਰਜੈਂਸੀ ਐਗਜ਼ਿਟ ਸ਼ੁਰੂ ਕਰ ਦਿੱਤੀ ਗਈ।
