''ਜਵਾਕਾਂ ਦਾ ਕੀ ਕਸੂਰ ਸੀ..?'' UNGA ''ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ

Thursday, Sep 24, 2026 - 09:31 AM (IST)

''ਜਵਾਕਾਂ ਦਾ ਕੀ ਕਸੂਰ ਸੀ..?'' UNGA ''ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ

ਇੰਟਰਨੈਸ਼ਨਲ ਡੈਸਕ- ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸੰਯੁਕਤ ਰਾਸ਼ਟਰ ਮਹਾਸਭਾ (UNGA) ’ਚ ਭਾਸ਼ਣ ਦੇਣ ਪਹੁੰਚੇ। ਉਹ ਆਪਣੇ ਨਾਲ ਇਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਤਸਵੀਰ ਲੈ ਕੇ ਪਹੁੰਚੇ। ਪੇਜ਼ੇਸ਼ਕੀਅਨ ਨੇ ਕਿਹਾ ਕਿ ਟਰੰਪ ਸਾਨੂੰ ਅੱਤਵਾਦੀ ਕਹਿੰਦੇ ਹਨ ਪਰ ਅਸੀਂ ਖੁਦ ਅੱਤਵਾਦ ਦੇ ਪੀੜਤ ਹਾਂ। ਮੈਂ ਉਸ ਇਰਾਨ ਤੋਂ ਆਇਆ ਹਾਂ, ਜਿੱਥੇ ਸਾਡੇ ਸੁਪਰੀਮ ਲੀਡਰ ਦੀ ਬਿਨਾਂ ਕਿਸੇ ਵਜ੍ਹਾ ਤੋਂ ਹੱਤਿਆ ਕਰ ਦਿੱਤੀ ਗਈ।

ਉਨ੍ਹਾਂ ਤਸਵੀਰ ਦਿਖਾਉਂਦੇ ਹੋਏ ਇਰਾਨ ਦੇ ਮਿਨਾਬ ਸਕੂਲ ’ਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸਕੂਲ ’ਤੇ ਬੰਬ ਸੁੱਟਿਆ ਗਿਆ। ਇਨ੍ਹਾਂ ਬੱਚਿਆਂ ਨੂੰ ਦੇਖੋ। ਇਹ ਬੱਚੇ ਅਮਰੀਕਾ ਅਤੇ ਇਜ਼ਰਾਈਲ ਦੇ ਹਥਿਆਰਾਂ ਨਾਲ ਹੋਏ ਹਮਲੇ ਵਿਚ ਮਾਰੇ ਗਏ। ਇਨ੍ਹਾਂ ਬੱਚਿਆਂ ਨੇ ਕੋਈ ਅਪਰਾਧ ਵੀ ਨਹੀਂ ਕੀਤਾ ਸੀ। 28 ਫ਼ਰਵਰੀ ਨੂੰ ਹੋਏ ਇਸ ਹਮਲੇ ਵਿਚ 156 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿਚ 120 ਬੱਚੇ ਸ਼ਾਮਲ ਸਨ। 

ਪੇਜ਼ੇਸ਼ਕੀਅਨ ਨੇ ਕਿਹਾ ਕਿ ਇਜ਼ਰਾਈਲ ਕੋਲ ਪ੍ਰਮਾਣੂ ਹਥਿਆਰ ਹਨ ਪਰ ਜਾਂਚ ਇਰਾਨ ਦੀ ਕੀਤੀ ਜਾਂਦੀ ਹੈ। ਉਹ ਲੋਕਾਂ ਨੂੰ ਮਾਰਦੇ ਹਨ ਪਰ ਪਾਬੰਦੀਆਂ ਇਰਾਨ ’ਤੇ ਲਾਈਆਂ ਜਾਂਦੀਆਂ ਹਨ, ਸਜ਼ਾ ਇਰਾਨ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਗਾਜ਼ਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਜ਼ਰਾਈਲ ਨੇ ਉੱਥੇ 70 ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ, ਜਦਕਿ ਇਰਾਨ ਗੱਲਬਾਤ ਕਰ ਰਿਹਾ ਸੀ ਅਤੇ ਉਸੇ ਦੌਰਾਨ ਉਸ ’ਤੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ- ਟਰੰਪ ਦੇ ਗ੍ਰੀਨਲੈਂਡ 'ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ ਕਰ ਲਿਆ 'ਸਮਝੌਤਾ'

ਪੇਜ਼ੇਸ਼ਕੀਅਨ ਨੇ ਕਿਹਾ ਕਿ ਫ਼ਿਲਸਤੀਨ ਨੂੰ ਨਜ਼ਰਅੰਦਾਜ਼ ਕਰ ਕੇ ਦੁਨੀਆ ਵਿਚ ਸ਼ਾਂਤੀ ਦੀ ਗੱਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਮਤਾ ਪਾਸ ਹੋਣ ਦੇ ਬਾਵਜੂਦ ਫ਼ਿਲਸਤੀਨ ਵਿਚ ਕਬਜ਼ਾ ਅਤੇ ਹਿੰਸਾ ਜਾਰੀ ਹੈ। ਗਾਜ਼ਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੰਬਾਰੀ ਅਤੇ ਘੇਰਾਬੰਦੀ ਨਾਲ ਲੋਕਾਂ ਦੇ ਵਿਰੋਧ ਦੀ ਭਾਵਨਾ ਖ਼ਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਉਸ ਦੀ ਜ਼ਮੀਨ ਤੋਂ ਹਟਾਇਆ ਜਾਵੇ ਜਾਂ ਉਸ ਦੇ ਘਰ ’ਤੇ ਹਮਲਾ ਕੀਤਾ ਜਾਵੇ, ਤਾਂ ਉਹ ਵਿਰੋਧ ਕਰੇਗਾ।

‘ਅਸੀਂ ਕਦੇ ਗੋਡੇ ਨਹੀਂ ਟੇਕਾਂਗੇ’
ਪੇਜ਼ੇਸ਼ਕੀਅਨ ਨੇ ਆਪਣਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸੁਨੇਹਾ ਦਿੰਦੇ ਹੋਏ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਪਾਬੰਦੀਆਂ, ਦਬਾਅ ਅਤੇ ਧਮਕੀਆਂ ਵਧਣ ਨਾਲ ਇਰਾਨੀ ਲੋਕਾਂ ਦਾ ਵਿਰੋਧ ਹੋਰ ਮਜ਼ਬੂਤ ਹੋਵੇਗਾ। ਪੇਜ਼ੇਸ਼ਕੀਅਨ ਨੇ ਕਿਹਾ, “ਅਸੀਂ ਕਦੇ ਆਪਣਾ ਸਿਰ ਨਹੀਂ ਝੁਕਾਵਾਂਗੇ ਅਤੇ ਨਾ ਹੀ ਗੋਡੇ ਟੇਕਾਂਗੇ।’’

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News