ਪੀਲ ਰੀਜ਼ਨਲ ਪੁਲਸ ਡਰਾਈਵਰਾਂ ''ਤੇ ਕਸੇਗੀ ਸ਼ਿੰਕਜਾ
Monday, Apr 22, 2019 - 01:30 AM (IST)

ਬਰੈਂਪਟਨ - ਪੀਲ ਰੀਜ਼ਨ 'ਚ ਬਗ਼ੈਰ ਸੀਟ ਬੈਲਟ ਗੱਡੀ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ 18 ਅਪ੍ਰੈਲ ਤੋਂ 26 ਅਪ੍ਰੈਲ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੌਰਾਨ ਫੜੇ ਗਏ ਡਰਾਈਵਰ ਨੂੰ 1 ਹਜ਼ਾਰ ਡਾਲਰ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਸੜਕ ਸੁਰੱਖਿਆ ਯਕੀਨੀ ਬਣਾਉਣ ਅਤੇ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ਪੀਲ ਰੀਜ਼ਨਲ ਪੁਲਸ ਦੇ ਅਫ਼ਸਰ ਮੁਹਿੰਮ 'ਚ ਸ਼ਾਮਲ ਹੋ ਰਹੇ ਹਨ। ਓਨਟਾਰੀਓ ਪੁਲਸ ਦੇ ਅੰਕੜਿਆਂ ਮੁਤਾਬਕ ਪਿਛਲੇ 10 ਸਾਲ ਦੌਰਾਨ ਸੜਕ ਹਾਦਸਿਆਂ 'ਚ ਮਰਨ ਵਾਲੇ ਲੋਕਾਂ 'ਚੋਂ 24 ਫੀਸਦੀ ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। 2019 'ਚ ਸੜਕ ਹਾਦਸਿਆਂ ਦੌਰਾਨ 47 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਨਾਂ 'ਚੋਂ 10 ਨੇ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। ਇਸ ਰੁਝਾਨ ਨੂੰ ਵੇਖਦਿਆਂ ਓਨਟਾਰੀਓ ਪੁਲਸ ਨੇ ਵੀ 19 ਅਪ੍ਰੈਲ ਤੋਂ 22 ਅਪ੍ਰੈਲ ਤੱਕ ਸੀਟ ਬੈਲਟ ਸੇਫ਼ਟੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ। ਉਧਰ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਯਕੀਨੀ ਬਣਾਈ ਜਾਵੇ ਅਤੇ ਅਜਿਹਾ ਨਾ ਕਰਨ ਵਾਲਿਆਂ ਨੂੰ 200 ਡਾਲਰ ਤੋਂ ਇਕ ਹਜ਼ਾਰ ਡਾਲਰ ਦਾ ਜ਼ੁਰਮਾਨਾ ਭੁਗਤਣਾ ਪਵੇਗਾ। ਪੁਲਸ ਨੇ ਕਿਹਾ ਕਿ ਸੀਟ ਬੈਲਟ ਖ਼ਰਾਬ ਹੋਣ ਦੀ ਸੂਰਤ 'ਚ ਡਰਾਈਵਰਾਂ ਨੂੰ ਜ਼ੁਰਮਾਨਾ ਅਦਾ ਕਰਨਾ ਹੋਵੇਗਾ।