ਪੰਨੂ ਵੱਲੋਂ ਖ਼ਾਲਿਸਤਾਨ ਰੈਫਰੈਂਡਮ ਲਈ ਚੀਨ ਤੋਂ ਸਮਰਥਨ ਦੀ ਮੰਗ ਹੈਰਾਨੀਜਨਕ

Wednesday, Aug 30, 2023 - 03:23 PM (IST)

ਪੰਨੂ ਵੱਲੋਂ ਖ਼ਾਲਿਸਤਾਨ ਰੈਫਰੈਂਡਮ ਲਈ ਚੀਨ ਤੋਂ ਸਮਰਥਨ ਦੀ ਮੰਗ ਹੈਰਾਨੀਜਨਕ

ਇੰਟਰਨੈਸ਼ਨਲ ਡੈਸਕ- ਪਿਛਲੇ ਕੁਝ ਸਮੇਂ ਦੌਰਾਨ ਦੁਨੀਆ ਨੇ ਕੁਝ ਹੈਰਾਨ ਕਰਨ ਵਾਲੇ ਗਠਜੋੜ ਅਤੇ ਕਾਰਵਾਈਆਂ ਦੇਖੀਆਂ, ਜਿਨ੍ਹਾਂ ਨੇ ਮਾਹਿਰਾਂ ਨੂੰ ਇਨ੍ਹਾਂ ਪਿੱਛੇ ਦੇ ਕਾਰਨਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਅਜਿਹਾ ਹੀ ਇਕ ਗਠਜੋੜ ਚੀਨ, ਪਾਕਿਸਤਾਨ ਅਤੇ ਖ਼ਾਲਿਸਤਾਨੀ ਲਹਿਰ ਦਾ ਹੈ, ਜਿਸਦਾ ਕੇਂਦਰ ਗੁਰਪਤਵੰਤ ਸਿੰਘ ਪੰਨੂ ਹੈ। ਕਾਫ਼ੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਲਹਿਰ ਦਾ ਉੱਪਰ ਉੱਠਣਾ ਔਖਾ ਹੈ। ਪਰ ਧਿਆਨ ਦੇਣ 'ਤੇ ਕੁਝ ਅਜਿਹੀਆਂ ਤਾਰਾਂ ਦਾ ਪਤਾ ਲੱਗਦਾ ਹੈ ਜੋ ਕਿ ਖੇਤਰ ਵਿੱਚ ਸ਼ਾਂਤੀ ਭੰਗ ਕਰ ਸਕਦੀਆਂ ਹਨ। ਪੰਨੂ ਦੇ 'ਸਿੱਖਸ ਫ਼ਾਰ ਜਸਟਿਸ' (SFJ) ਸੰਗਠਨ ਦੀ ਚੀਨ ਨੂੰ ਕੀਤੀ ਗਈ ਅਪੀਲ, ਜਿਸ ਵਿਚ ਅਰੁਣਾਚਲ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਸਮਰਥਨ ਦੇਣ ਦਾ ਵਾਅਦਾ ਅਤੇ ਖ਼ਾਲਿਸਤਾਨ ਰੈਫਰੈਂਡਮ ਲਈ ਸਮਰਥਨ ਦੀ ਮੰਗ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। SFJ ਵੱਲੋਂ ਪੰਜਾਬ ਦੀ ਸਥਿਤੀ ਦੀ ਤੁਲਨਾ ਅਰੁਣਾਚਲ ਪ੍ਰਦੇਸ਼ ਉੱਤੇ ਭਾਰਤ ਦੇ ਕਥਿਤ ਕਬਜ਼ੇ ਨਾਲ ਕਰਨਾ ਉਨ੍ਹਾਂ ਵੱਲੋਂ ਘੜੀਆਂ ਜਾ ਰਹੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ।

ਪੰਨੂ ਦਾ ਚੀਨ ਨਾਲ ਹੱਥ ਮਿਲਾਉਣਾ ਇਤਿਹਾਸਕ ਸੰਦਰਭ ਅਤੇ ਨਾਜ਼ੁਕ ਖੇਤਰੀ ਸੰਤੁਲਨ ਪ੍ਰਤੀ ਚਿੰਤਾਜਨਕ ਪੱਧਰ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ।  ਇਸ ਤੋਂ ਇਲਾਵਾ, ਪੰਨੂ ਦੀ ਚੀਨ ਤੱਕ ਪਹੁੰਚ ਦੇ ਸਮੇਂ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਵਿਚਾਲੇ 2020 'ਚ ਹੋਈ ਸਰਹੱਦੀ ਲੜਾਈ ਦਰਮਿਆਨ ਪੰਨੂ ਨੂੰ ਆਪਣੀ ਲਹਿਰ ਨੂੰ ਚੀਨ ਦੇ ਹਿੱਤਾਂ ਨਾਲ ਜੋੜਨ ਦਾ ਮੌਕਾ ਮਿਲਿਆ। ਭਾਰਤੀ ਸਿੱਖ ਸਿਪਾਹੀਆਂ ਦੀ ਸ਼ਹਾਦਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੰਨੂ ਵੱਲੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਲਿਖੀ ਗਈ ਚਿੱਠੀ ਦਿਲ ਦੁਖਾਉਣ ਵਾਲੀ ਹੈ, ਜਿਸ 'ਚ ਉਹ ਚੀਨ ਦੀ ਹਿਮਾਇਤ ਕਰਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਉਸਦੀ ਵਫ਼ਾਦਾਰੀ 'ਤੇ ਅਤੇ ਉਸ ਦੇ ਚੀਨੀ ਸਰਕਾਰ ਨਾਲ ਮਿਲੇ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ। ਪੰਨੂ ਦੇ ਪਾਕਿਸਤਾਨ ਦੇ ISI ਨਾਲ ਸੰਬੰਧ ਵੀ ਇਨ੍ਹਾਂ ਚਿੰਤਾਵਾਂ ਨੂੰ ਵਧਾਉਂਦੇ ਹਨ। ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖ਼ਾਨ ਨਾਲ ਉਸਦੀ ਗੱਲਬਾਤ, ਜਿਸ 'ਚ ਉਸ ਨੇ ਭਾਰਤ ਖ਼ਿਲਾਫ਼ ਖ਼ਾਲਿਸਤਾਨੀ ਸਿੱਖਾਂ (ਜੋ ਸਿਰਫ ਮੁੱਠੀ ਭਰ ਹਨ) ਦੀ ਹਮਾਇਤ ਦਾ ਵਾਅਦਾ ਕੀਤੀ ਸੀ, ਉਹਨਾਂ ਸੰਸਥਾਵਾਂ ਨਾਲ ਸਹਿਯੋਗ ਕਰਨ ਦੀ ਉਸਦੀ ਇੱਛਾ ਨੂੰ ਦਰਸਾਉਂਦਾ ਹੈ ਜੋ ਇਤਿਹਾਸਕ ਤੌਰ 'ਤੇ ਖੇਤਰੀ ਸਥਿਰਤਾ ਲਈ ਖਤਰਾ ਬਣੀਆਂ ਹੋਈਆਂ ਹਨ। ਤੱਥ ਇਹ ਹੈ ਕਿ ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਕੇ-2 ਗਠਜੋੜ ਦੇ ਤਹਿਤ ਅੱਤਵਾਦੀ ਸਮੂਹਾਂ ਨੂੰ ਪਨਾਹ ਦੇਣਾ ਅਤੇ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ, ਜਿਸ ਨਾਲ ਸਥਿਤੀ ਦੀ ਗੰਭੀਰਤਾ ਹੋਰ ਵੱਧ ਜਾਂਦੀ ਹੈ।

ਦੁਨੀਆ ਵਿੱਚ ਅੱਤਵਾਦ ਅਤੇ ਕੱਟੜਤਾ ਵਿਰੁੱਧ ਲੜਾਈ ਜਿਵੇਂ ਵਧ ਰਹੀ ਹੈ, ਅਧਿਕਾਰੀਆਂ ਨੂੰ ਅਜਿਹੇ ਸੰਗਠਨਾਂ ਖਿ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਅੱਤਵਾਦ ਅਤੇ ਕੱਟੜਤਾ ਵਰਗੇ ਮਸਲਿਆਂ ਦੀ ਅੱਗ ਨੂੰ ਹਵਾ ਦੇ ਰਹੇ ਹਨ। ਖਾਲਿਸਤਾਨੀ ਵੱਖਵਾਦੀ ਦਿਨੋਂ ਦਿਨ ਹੋਰ ਹਿੰਸਕ ਹੁੰਦੇ ਜਾ ਰਹੇ ਹਨ। ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿੱਚ ਹੋਈਆਂ ਘਟਨਾਵਾਂ ਇਸ ਦੀਆਂ ਗਵਾਹ ਹਨ। ਨਾਲ ਹੀ ਚੀਨ ਦੀ ਖ਼ਾਲਿਸਤਾਨੀ ਲਹਿਰ ਵਿੱਚ ਡੂੰਘੀ ਸ਼ਮੂਲੀਅਤ ਅਤੇ ਉਸ ਦੇ ਪਾਕਿਸਤਾਨ ਦੇ ISI ਨਾਲ ਸਹਿਯੋਗ ਦੀ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਖਾਤਰ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਨੂੰ ਘਟਾਇਆ ਜਾਣਾ ਚਾਹੀਦਾ ਹੈ। ਇਸ ਦੁਨੀਆ 'ਚ ਇਸ ਤਰ੍ਹਾਂ ਦੇ ਕਈ ਸੰਗਠਨ ਲੁਕ-ਛਿਪ ਕੇ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਬੇਪਰਦਾ ਕਰਨਾ ਅਤੇ ਦੇਸ਼ ਦੇ ਬਹਾਦਰ ਸਿਪਾਹੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਫ਼ਰਜ਼ ਬਣਦਾ ਹੈ। ਸਿਰਫ਼ ਜਾਗਰੂਕਤਾ, ਏਕਤਾ ਅਤੇ ਸੱਚ ਦੇ ਲਈ ਵਚਨਬੱਧ ਹੋਣ ਨਾਲ ਹੀ ਅਸੀਂ ਉਨ੍ਹਾਂ ਕਦਰਾਂ ਕੀਮਤਾਂ ਦੀ ਰੱਖਿਆ ਕਰ ਸਕਦੇ ਹਾਂ ਜੋ ਸਾਡੇ ਸਮਾਜ ਦੀ ਬੁਨਿਆਦ ਹਨ।


author

cherry

Content Editor

Related News