ਚੀਨ ਨੇ ਪਾਕਿਸਤਾਨ ਨੂੰ ਤੀਜੀ ਹੰਗੋਰ ਸ਼੍ਰੇਣੀ ਦੀ ਪਣਡੁੱਬੀ ਸੌਂਪੀ

Saturday, Aug 16, 2025 - 11:18 PM (IST)

ਚੀਨ ਨੇ ਪਾਕਿਸਤਾਨ ਨੂੰ ਤੀਜੀ ਹੰਗੋਰ ਸ਼੍ਰੇਣੀ ਦੀ ਪਣਡੁੱਬੀ ਸੌਂਪੀ

ਬੀਜਿੰਗ, (ਭਾਸ਼ਾ)– ਚੀਨ ਨੇ ਪਾਕਿਸਤਾਨ ਨੂੰ ਸੌਂਪੀਆਂ ਜਾਣ ਵਾਲੀਆਂ 8 ਨਵੀਆਂ ਉੱਨਤ ਹੰਗੋਰ ਸ਼੍ਰੇਣੀ ਦੀਆਂ ਪਣਡੁੱਬੀਆਂ ਵਿਚੋਂ ਤੀਜੀ ਪਣਡੁੱਬੀ ਸੌਂਪ ਦਿੱਤੀ ਹੈ। ਬੀਜਿੰਗ ਦਾ ਇਹ ਕਦਮ ਇਸਲਾਮਾਬਾਦ ਦੀ ਸਮੁੰਦਰੀ ਫੌਜ ਤਾਕਤ ਨੂੰ ਉੱਨਤ ਕਰ ਕੇ ਭਾਰਤ ਦੇ ਨਜ਼ਦੀਕੀ ਖੇਤਰ ਹਿੰਦ ਮਹਾਸਾਗਰ ’ਚ ਪਾਕਿਸਤਾਨ ਦੀ ਵਧਦੀ ਮੌਜੂਦਗੀ ਨੂੰ ਸਮਰਥਨ ਦੇਣ ਦੇ ਚੀਨ ਦੇ ਯਤਨਾਂ ਦਾ ਹਿੱਸਾ ਹੈ।

ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਸ’ ਨੇ ਦੱਸਿਆ ਕਿ ਹੰਗੋਰ ਸ਼੍ਰੇਣੀ ਦੀ ਤੀਜੀ ਪਣਡੁੱਬੀ ਦਾ ਲਾਂਚਿੰਗ ਪ੍ਰੋਗਰਾਮ ਵੀਰਵਾਰ ਨੂੰ ਮੱਧ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ’ਚ ਆਯੋਜਿਤ ਕੀਤਾ ਗਿਆ। ਚੀਨ ਵੱਲੋਂ ਪਾਕਿਸਤਾਨ ਲਈ ਬਣਾਈਆਂ ਜਾ ਰਹੀਆਂ 8 ਪਣਡੁੱਬੀਆਂ ਵਿਚੋਂ ਦੂਜੀ ਪਣਡੁੱਬੀ ਇਸ ਸਾਲ ਮਾਰਚ ਵਿਚ ਸੌਂਪੀ ਗਈ ਸੀ। ਇਹ ਉਨ੍ਹਾਂ 4 ਆਧੁਨਿਕ ਨੇਵੀ ਲੜਾਕੂ ਬੇੜਿਆਂ ਤੋਂ ਇਲਾਵਾ ਹਨ ਜਿਨ੍ਹਾਂ ਨੂੰ ਚੀਨ ਨੇ ਪਿਛਲੇ ਕੁਝ ਸਾਲਾਂ ’ਚ ਪਾਕਿਸਤਾਨ ਨੂੰ ਦਿੱਤਾ ਹੈ। ਇਹ ਸਪਲਾਈ ਅਰਬ ਸਾਗਰ ’ਚ ਚੀਨੀ ਸਮੁੰਦਰੀ ਫੌਜ ਦੇ ਲਗਾਤਾਰ ਵਿਸਤਾਰ ਵਿਚਾਲੇ ਪਾਕਿਸਤਾਨ ਦੀ ਸਮੁੰਦਰੀ ਫੌਜ ਤਾਕਤ ਨੂੰ ਵਧਾਉਣ ਦੇ ਉਸ ਦੇ ਯਤਨਾਂ ਦਾ ਹਿੱਸਾ ਹੈ, ਜਿੱਥੇ ਉਹ ਬਲੋਚਿਸਤਾਨ ’ਚ ਗਵਾਦਰ ਬੰਦਰਗਾਹ ਦਾ ਵਿਕਾਸ ਕਰਨ ਦੇ ਨਾਲ-ਨਾਲ ਹਿੰਦ ਮਹਾਸਾਗਰ ’ਚ ਵੀ ਵਿਕਾਸ ਕਰ ਰਿਹਾ ਹੈ।

ਚੀਨ ਦੇ ਫੌਜ ਮਾਮਲਿਆਂ ਦੇ ਮਾਹਿਰ ਝਾਂਗ ਜੁਨਸ਼ੇ ਨੇ ਦੱਸਿਆ ਕਿ ਹੰਗੋਰ ਸ਼੍ਰੇਣੀ ਦੀ ਪਣਡੁੱਬੀ ਦੀ ਵਿਸ਼ੇਸ਼ਤਾ ਇਸ ਦੀ ਪਾਣੀ ਦੇ ਹੇਠਾਂ ਮਜ਼ਬੂਤ ਲੜਾਕੂ ਸਮਰੱਥਾ ਹੈ, ਜਿਨ੍ਹਾਂ ਵਿਚ ਵਿਆਪਕ ਸੈਂਸਰ ਪ੍ਰਣਾਲੀ, ਚੰਗੀਆਂ ‘ਸਟੀਲਥ’ ਵਿਸ਼ੇਸ਼ਤਾਵਾਂ, ਉੱਚ ਗਤੀਸ਼ੀਲਤਾ, ਇਕ ਵਾਰ ਈਂਧਨ ਭਰਨ ਤੋਂ ਬਾਅਦ ਲੰਮੇ ਸਮੇਂ ਤਕ ਪਾਣੀ ਹੇਠਾਂ ਰਹਿਣ ਦੀ ਸਮਰੱਥਾ ਅਤੇ ਵੱਡੀ ਮਾਰੂ ਸਮਰੱਥਾ ਸ਼ਾਮਲ ਹਨ।


author

Rakesh

Content Editor

Related News