ਪਾਕਿਸਤਾਨ ’ਚ ਤੇਜ਼ ਮੀਂਹ ਨਾਲ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਜੱਦੀ ਮਕਾਨਾਂ ਨੂੰ ਪੁੱਜਾ ਨੁਕਸਾਨ

Friday, Jul 30, 2021 - 04:46 PM (IST)

ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਸਥਿਤ ਮਹਾਨ ਭਾਰਤੀ ਫ਼ਿਲਮ ਅਦਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਮਕਾਨਾਂ ਨੂੰ ਮਾਨਸੂਨ ਦੇ ਮੀਂਹ ਕਾਰਨ ਨੁਕਸਾਨ ਪੁੱਜਾ ਹੈ। ਪਹਿਲਾਂ ਤੋਂ ਹੀ ਖ਼ਸਤਾ ਹਾਲਤ ਵਾਲੇ ਇਨ੍ਹਾਂ ਮਕਾਨਾਂ ਨੂੰ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਆਪਣੀ ਸੁਰੱਖਿਆ ਵਿਚ ਲਿਆ ਸੀ।

ਸਰਕਾਰ ਨੇ ਦੋਵਾਂ ਦਿੱਗਜ ਕਲਾਕਾਰਾਂ ਦੇ ਇੱਥੇ ਸਥਿਤ ਮਕਾਨਾਂ ਨੂੰ ਰਾਸ਼ਟਰੀ ਵਿਰਾਸਤ ਐਲਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਨਮਾਨ ਵਿਚ ਉਨ੍ਹਾਂ ਨੂੰ ਅਜਾਇਬਘਰਾਂ ਵਿਚ ਤਬਦੀਲ ਕਰਨ ਦੀਆਂ ਸਾਰੀਆਂ ਰਸਮਾਂ ਵੀ ਪੂਰੀਆਂ ਕਰ ਲਈਆਂ ਸਨ। ਸਥਾਨਕ ਲੋਕਾਂ ਮੁਤਾਬਕ ਤੇਜ਼ ਮੀਂਹ ਕਾਰਨ ਦੋਵੇਂ ਹੀ ਮਕਾਨ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੇ ਕੁੱਝ ਹਿੱਸਿਆਂ ਨੂੰ ਨੁਕਸਾਨ ਪੁੱਜਾ ਹੈ। 

ਖ਼ੈਬਰ ਪਖਤੂਨਖਵਾ ਪੁਰਾਤੱਤਵ ਵਿਭਾਗ ਨੇ ਕਿੱਸਾ ਬਾਜ਼ਾਰ ਖੇਤਰ ਵਿਚ ਸਥਿਤ ਇਨ੍ਹਾਂ ਦੋਵਾਂ ਮਕਾਨਾਂ ਦੇ ਨਵੀਨੀਕਰਨ ਦਾ ਅਜੇ ਕੰਮ ਸ਼ੁਰੂ ਨਹੀਂ ਕੀਤਾ ਹੈ। ਮਾਨਸੂਨ ਦੇ ਮੋਹਲੇਧਾਰ ਮੀਂਹ ਕਾਰਨ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਕਈ ਹਿੱਸਿਆਂ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਮੀਡੀਆ ਵਿਚ ਆਈਆਂ ਕੁੱਝ ਖ਼ਬਰਾਂ ਮੁਤਾਬਕ ਜੁਲਾਈ ਦੇ ਮੱਧ ਤੋਂ ਖ਼ੈਬਰ ਪਖਤੂਨਖਵਾ ਸੂਬੇ ਵਿਚ ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪੇਸ਼ਾਵਰ ਇਸ ਸੂਬੇ ਦੀ ਰਾਜਧਾਨੀ ਹੈ।
 


cherry

Content Editor

Related News