ਸਿੱਖਾਂ ਨੂੰ ਪਾਕਿਸਤਾਨ ''ਚ ਗੁਰਧਾਮਾਂ ਦੇ ਦਰਸ਼ਨਾਂ ਤੋਂ ਰੋਕ ਰਿਹੈ ਭਾਰਤ!
Friday, Jun 09, 2017 - 04:43 PM (IST)
ਲਾਹੌਰ— ਪਾਕਿਸਤਾਨ ਨੇ ਭਾਰਤ ਖਿਲਾਫ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਤੋਂ ਰੋਕੇ ਜਾਣ ਦੇ ਇਲਜ਼ਾਮ ਲਾਏ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਦਿੱਲੀ ਸਥਿਤ ਭਾਰਤੀ ਦੂਤਘਰ ਨੇ 80 ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿਚ 14 ਜੂਨ ਨੂੰ ਪੰਚਮ ਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਵੀਜ਼ੇ ਦਿੱਤੇ ਸਨ। ਉਨ੍ਹਾਂ ਵਿਚੋਂ 66 ਯਾਤਰੀ ਲਾਹੌਰ ਨਹੀਂ ਪਹੁੰਚ ਸਕੇ ਕਿਉਂਕਿ ਭਾਰਤ ਨੇ ਉਨ੍ਹਾਂ ਨੂੰ ਤਕਨੀਕੀ ਕਾਰਨਾਂ ਦਾ ਬਹਾਨਾ ਲਾ ਕੇ ਅਟਾਰੀ ਰੇਲਵੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ।
ਓਕਾਫ ਬੋਰਡ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਦੱਸਿਆ ਕਿ ਭਾਰਤੀ ਯਾਤਰੀਆਂ ਨੂੰ ਲੈਣ ਲਈ ਸਮਝੌਤਾ ਐਕਸਪ੍ਰੈੱਸ ਨੂੰ ਖਾਸ ਤੌਰ 'ਤੇ ਅਟਾਰੀ ਭੇਜਿਆ ਗਿਆ ਸੀ ਪਰ ਸਿੱਖ ਸੰਗਤ ਨੂੰ ਇਹ ਕਹਿ ਕੇ ਰੇਲ ਵਿਚ ਚੜ੍ਹਨ ਨਾ ਦਿੱਤਾ ਗਿਆ ਕਿ ਅਸੀਂ ਯਾਤਰੀਆਂ ਨੂੰ ਸਿਰਫ ਸਪੈਸ਼ਲ ਟਰੇਨ ਰਾਹੀਂ ਹੀ ਪਾਕਿਸਤਾਨ ਭੇਜ ਸਕਦੇ ਹਾਂ। ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਨ੍ਹਾਂ ਸਪੈਸ਼ਲ ਰੇਲ ਵੀ ਤੁਰੰਤ ਭੇਜਣੀ ਚਾਹੀ ਪਰ ਭਾਰਤੀ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 80 ਵਿੱਚੋਂ 14 ਸਿੱਖ ਯਾਤਰੀਆਂ ਨੂੰ ਸੜਕੀ ਵਾਹਨਾਂ ਰਾਹੀਂ ਪਾਕਿਸਤਾਨ ਭੇਜਿਆ ਗਿਆ ਜਦਕਿ ਬਾਕੀ ਸੰਗਤ ਜਾ ਹੀ ਨਹੀਂ ਸਕੀ। ਇਹ 14 ਯਾਤਰੀ ਸ਼ਹੀਦੀ ਦਿਹਾੜਾ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 17 ਜੂਨ ਨੂੰ ਵਾਪਸ ਭਾਰਤ ਪਰਤਣਗੇ।
ਇੱਥੇ ਦੱਸ ਦੇਈਏ ਕਿ ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਸ਼ਹੀਦੀ ਜੋੜ ਮੇਲਾ ਲਗਾਇਆ ਜਾਂਦਾ ਹੈ। 10 ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚਦੀਆਂ ਹਨ। ਭਾਰਤ ਤੋਂ ਵੀ ਸਿੱਖ ਸੰਗਤਾਂ ਇਸ ਜੋੜ ਮੇਲੇ ਵਿਚ ਉਚੇਚੇ ਤੌਰ 'ਤੇ ਪਹੁੰਚਦੀਆਂ ਹਨ ਪਰ ਇਸ ਵਾਰ ਸੰਗਤ ਦੇ ਘੱਟ ਗਿਣਤੀ ਵਿਚ ਪਹੁੰਚਣ ਕਰਕੇ ਪਾਕਿ ਨੇ ਭਾਰਤ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ।
