ਕਵੀ ਦਰਬਾਰ ''ਚ ਗੁਰਦਿਆਲ ਰੌਸ਼ਨ ਦਾ ਗ਼ਜ਼ਲ ਸੰਗ੍ਰਹਿ ''''ਘੁੰਗਰੂ'''' ਲੋਕ ਅਰਪਣ

03/05/2018 1:02:49 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬਰੇਰੀ ਹਾਲ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪੰਜਾਬ ਵੱਸਦੇ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦਾ ਨਵ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ''ਘੁੰਗਰੂ'' ਲੋਕ ਅਰਪਣ ਕੀਤਾ ਗਿਆ । ਆਸਟਰੇਲੀਆ ਵਿਚ ਸਾਹਿਤਕ ਖੇਤਰ ਵਿਚ ਨਵੀਆਂ ਪੈੜ੍ਹਾਂ ਪਾਉਣ ਲਈ ਵਚਨਬੱਧ ਇਸ ਹਰਿਆਵਲ ਦਸਤੇ ਵੱਲੋਂ ਹਰ ਮਹੀਨੇ ਕਵੀ ਦਰਬਾਰ ਦਾ ਆਯੋਜਨ ਪਿਛਲੇ ਤਿੰਨ ਸਾਲ ਤੋਂ ਨਿਰੰਤਰ ਜਾਰੀ ਹੈ । ਸਮਾਗਮ ਦੀ ਪ੍ਰਧਾਨਗੀ ਆਨਰੇਰੀ ਕੌਂਸਲੇਟ ਜਰਨਲ ਸ੍ਰੀਮਤੀ ਅਰਚਨਾ ਸਿੰਘ ਵੱਲੋਂ ਕੀਤੀ ਗਈ, ਉਨ੍ਹਾਂ ਦੇ ਨਾਲ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਿਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ ਅਤੇ ਪੰਜਾਬੀ ਲੇਖਿਕਾ ਗੁਰਮੀਤ ਕੌਰ ਸੰਧਾ ਸ਼ੁਸੋਭਿਤ ਹੋਏ । 
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਗਾਇਕ ਮਲਕੀਤ ਰੋਪੜ ਨੇ ਪ੍ਰੋ ਗੁਰਭਜਨ ਗਿੱਲ ਦਾ ਗੀਤ ''ਲੋਰੀ'' ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਲਿਆ । ਇਸ ਉਪਰੰਤ ਲਗਾਤਾਰ ਦੋ ਘੰਟੇ ਚੱਲੇ ਕਵਿਤਾ ਪਾਠ ਵਿਚ ਭਾਗ ਲੈਂਦਿਆਂ ਤੇਜਿੰਦਰ ਭੰਗੂ, ਸ਼ਾਇਰਾ ਹਰਜੀਤ ਸੰਧੂ, ਗੀਤਕਾਰ ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ, ਜਸਵੰਤ ਵਾਗਲਾ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਰਵਿੰਦਰ ਨਾਗਰਾ, ਮਨਜੀਤ ਬੋਪਾਰਾਏ, ਹਰਮਨਦੀਪ ਗਿੱਲ ਆਦਿ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀਨ ਨੂੰ ਮੰਤਰ-ਮੁਗਧ ਕਰ ਖ਼ੂਬ ਵਾਹ-ਵਾਹ ਖੱਟੀ। ਮਨਜੀਤ ਬੋਪਾਰਾਏ ਨੇ ਆਪਣੇ ਸੰਬੋਧਨ ਵਿਚ ਬੋਲਦਿਆਂ ਇੰਡੋਜ਼ ਦੀਆਂ ਪ੍ਰਾਪਤੀਆਂ ਅਤੇ ਵਿਸ਼ਵ ਦੀਆਂ ਸਾਹਿਤਕ ਸੰਸਥਾਵਾਂ ਨਾਲ ਅੰਤਰ-ਸੰਬੰਧਾਂ ਬਾਰੇ ਚਾਨਣਾ ਪਾਉਂਦਿਆਂ ਸਭਾ ਦੇ ਅਗਲੇ ਪ੍ਰਕਾਸ਼ਣ ਕਾਰਜਾਂ ਬਾਰੇ ਦੱਸਿਆ ਗਿਆ । ਆਨਰੇਰੀ ਕੌਂਸਲੇਟ ਜਨਰਲ ਸ੍ਰੀਮਤੀ ਅਰਚਨਾ ਸਿੰਘ ਨੇ ਸਾਹਿਤ ਦੇ ਮਹੱਤਵ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਅੱਜ ਇਸ ਸਾਹਿਤਕ ਮਾਹੌਲ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਮਹਿਸੂਸ ਹੋ ਰਹੀ ਹੈ । ਇਸ ਮੌਕੇ ਸ੍ਰੀਮਤੀ ਅਰਚਨਾ ਸਿੰਘ ਨੂੰ ਉਨ੍ਹਾਂ ਦੁਆਰਾ ਪੰਜਾਬੀ ਭਾਈਚਾਰੇ ਨੂੰ ਦਿੱਤੇ ਸਹਿਯੋਗ ਅਤੇ ਪ੍ਰਬੰਧਕੀ ਕਾਰਜਾਂ ਲਈ ਵਿਸ਼ਸਟ ਸੇਵਾਵਾਂ ਐਵਾਰਡ ਪ੍ਰਦਾਨ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ ।


Related News