ਚੀਨ ''ਚ ਜ਼ਮੀਨ ਖਿਸਕਣ ਕਾਰਨ 1 ਵਿਅਕਤੀ ਦੀ ਮੌਤ, 28 ਹੋਰਾਂ ਦੀ ਭਾਲ ਜਾਰੀ
Monday, Feb 10, 2025 - 12:01 PM (IST)
![ਚੀਨ ''ਚ ਜ਼ਮੀਨ ਖਿਸਕਣ ਕਾਰਨ 1 ਵਿਅਕਤੀ ਦੀ ਮੌਤ, 28 ਹੋਰਾਂ ਦੀ ਭਾਲ ਜਾਰੀ](https://static.jagbani.com/multimedia/2025_2image_12_01_379635938landslide.jpg)
ਬੀਜਿੰਗ (ਏਜੰਸੀ)- ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿੱਚ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰ ਦੱਬ ਗਏ, ਜਿਸ ਤੋਂ ਬਾਅਦ ਬਚਾਅ ਕਰਮਚਾਰੀ ਲਾਪਤਾ ਹੋਏ 28 ਲੋਕਾਂ ਨੂੰ ਲੱਭਣ ਵਿਚ ਲੱਗੇ ਹੋਏ ਹਨ। ਸ਼ਨੀਵਾਰ ਨੂੰ ਜੁਨਲੀਅਨ ਕਾਉਂਟੀ ਦੇ ਜਿਨਪਿੰਗ ਪਿੰਡ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਲਗਭਗ 1,000 ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਰਿਪੋਰਟ ਦਿੱਤੀ ਕਿ ਅਧਿਕਾਰੀ ਮਲਬੇ ਹੇਠ ਫਸੇ ਜਿੰਦਾ ਲੋਕਾਂ ਦਾ ਪਤਾ ਲਾਉਣ ਲਈ ਡਰੋਨ ਅਤੇ ਰਾਡਾਰ ਦੀ ਵਰਤੋਂ ਕਰ ਰਹੇ ਹਨ।
ਸੀਸੀਟੀਵੀ ਦੀ ਰਿਪੋਰਟ ਅਨੁਸਾਰ, 10 ਘਰਾਂ ਅਤੇ ਇੱਕ ਨਿਰਮਾਣ ਅਧੀਰ ਇਮਾਰਤ ਢਹਿ ਜਾਣ ਕਾਰਨ ਦੋ ਜ਼ਖਮੀ ਲੋਕਾਂ ਨੂੰ ਬਚਾਇਆ ਗਿਆ ਅਤੇ ਲਗਭਗ 360 ਹੋਰਾਂ ਨੂੰ ਬਾਹਰ ਕੱਢਿਆ ਗਿਆ। ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਅਧਿਕਾਰੀਆਂ ਨੇ ਕਿਹਾ ਕਿ ਮੁੱਢਲੇ ਮੁਲਾਂਕਣ ਤੋਂ ਪਤਾ ਚੱਲਦਾ ਹੈ ਕਿ ਇਹ ਆਫ਼ਤ ਮੋਹਲੇਧਾਰ ਮੀਂਹ ਅਤੇ ਸਥਾਨਕ ਭੂ-ਵਿਗਿਆਨਕ ਸਥਿਤੀਆਂ ਕਾਰਨ ਆਈ ਹੈ। ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਚੀਨ ਦੇ ਉਪ ਪ੍ਰਧਾਨ ਮੰਤਰੀ ਲਿਊ ਗੁਓਜ਼ੋਂਗ ਬਚਾਅ ਕਾਰਜਾਂ ਦੀ ਅਗਵਾਈ ਕਰਨ ਲਈ ਘਟਨਾ ਥਾਂ 'ਤੇ ਪੁੱਜੇ ਅਤੇ ਪ੍ਰਭਾਵਿਤ ਲੋਕਾਂ ਨੂੰ ਮਿਲੇ।