ਫਲਾਈਟਾਂ ''ਚ ਫਾਰਮ ਭਰਨ ਦਾ ਝੰਜਟ ਖ਼ਤਮ ! ਆਸਟਰੇਲੀਆਈ ਬਾਰਡਰ ਹੋਣਗੇ ਪੂਰੀ ਤਰ੍ਹਾਂ ਡਿਜੀਟਲ

Tuesday, Jul 14, 2026 - 02:38 PM (IST)

ਫਲਾਈਟਾਂ ''ਚ ਫਾਰਮ ਭਰਨ ਦਾ ਝੰਜਟ ਖ਼ਤਮ ! ਆਸਟਰੇਲੀਆਈ ਬਾਰਡਰ ਹੋਣਗੇ ਪੂਰੀ ਤਰ੍ਹਾਂ ਡਿਜੀਟਲ

ਮੈਲਬੋਰਨ, (ਮਨਦੀਪ ਸਿੰਘ ਸੈਣੀ)-ਆਸਟਰੇਲੀਆ ਆਉਣ-ਜਾਣ ਵਾਲੇ ਲੱਖਾਂ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਬਹੁਤ ਹੀ ਸੁਖਾਵੀਂ ਤੇ ਮਹੱਤਵਪੂਰਨ ਖ਼ਬਰ ਹੈ। ਹਵਾਈ ਸਫ਼ਰ ਦੌਰਾਨ ਜਹਾਜ਼ ਦੇ ਅੰਦਰ ਪੀਲੇ-ਸੰਤਰੀ ਰੰਗ ਦੇ ਕਾਗਜ਼ੀ ਯਾਤਰੀ ਕਾਰਡ ਭਰਨ ਤੇ ਗੁਆਂਢੀ ਸੀਟ ਵਾਲੇ ਯਾਤਰੀ ਤੋਂ ਪੈੱਨ ਮੰਗਣ ਦੀ ਦਹਾਕਿਆਂ ਪੁਰਾਣੀ ਖੇਚਲ ਹੁਣ ਹਮੇਸ਼ਾ ਲਈ ਖ਼ਤਮ ਹੋਣ ਜਾ ਰਹੀ ਹੈ। ਅਲਬਾਨੀਜ਼ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ’ਤੇ ਪੁਰਾਣੇ ਕਾਗਜ਼ੀ ਸਿਸਟਮ ਨੂੰ ਹਟਾ ਕੇ ਇੱਕ ਉੱਚ-ਤਕਨੀਕੀ ‘ਡਿਜੀਟਲ ਯਾਤਰਾ ਘੋਸ਼ਣਾ ਪ੍ਰਣਾਲੀ’ ਲਾਗੂ ਕੀਤੀ ਜਾ ਰਹੀ ਹੈ। ਬਾਰਡਰ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਤੇਜ਼ ਬਣਾਉਣ ਲਈ ਸਰਕਾਰ ਅਗਲੇ ਚਾਰ ਸਾਲਾਂ ਵਿੱਚ 56.1 ਮਿਲੀਅਨ ਡਾਲਰ ਦਾ ਬਜਟ ਖ਼ਰਚ ਕਰੇਗੀ।

ਇਸ ਨਵੀਂ ਪ੍ਰਣਾਲੀ ਤਹਿਤ ਯਾਤਰੀ ਆਸਟਰੇਲੀਆ ਪਹੁੰਚਣ ਤੋਂ 72 ਘੰਟੇ ਪਹਿਲਾਂ ਹੀ ਆਨਲਾਈਨ ਫਾਰਮ ਜਾਂ ਹਵਾਈ ਕੰਪਨੀ ਦੇ ਐਪ ਰਾਹੀਂ ਆਪਣੀ ਜਾਣਕਾਰੀ ਭਰ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਫੋਨ ’ਤੇ ਇੱਕ ਵਿਸ਼ੇਸ਼ ਕੋਡ ਬਣੇਗਾ। ਹਵਾਈ ਅੱਡੇ ’ਤੇ ਉਤਰਦਿਆਂ ਹੀ ਬਾਰਡਰ ਫੋਰਸ ਦੇ ਅਧਿਕਾਰੀ ਇਸ ਕੋਡ ਨੂੰ ਸਕੈਨ ਕਰਨਗੇ, ਜਿਸ ਨਾਲ ਇਮੀਗ੍ਰੇਸ਼ਨ ਲਾਈਨਾਂ ਵਿੱਚ ਲੱਗਣ ਵਾਲਾ ਲੰਬਾ ਸਮਾਂ ਬਚੇਗਾ। ਕੁਆਂਟਸ ਹਵਾਈ ਕੰਪਨੀ ਰਾਹੀਂ ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ਹਵਾਈ ਅੱਡਿਆਂ ’ਤੇ ਚੱਲ ਰਿਹਾ ਇਸ ਪ੍ਰਣਾਲੀ ਦਾ ਪਾਇਲਟ ਪ੍ਰਯੋਗ ਬਹੁਤ ਸਫ਼ਲ ਰਿਹਾ ਹੈ। ਹੁਣ ਇਸ ਯੋਜਨਾ ਤਹਿਤ 2026 ਦੇ ਅਖੀਰ ਤੱਕ ਇਸ ਦਾ ਵਿਸਤਾਰ ਪਰਥ ਅਤੇ ਐਡੀਲੇਡ ਵਿੱਚ ਕੀਤਾ ਜਾਵੇਗਾ ਅਤੇ 2027 ਦੇ ਅੰਦਰ ਇਸ ਨੂੰ ਬਾਕੀ ਸਾਰੀਆਂ ਅੰਤਰਰਾਸ਼ਟਰੀ ਹਵਾਈ ਕੰਪਨੀਆਂ ਅਤੇ ਕਰੂਜ਼ ਜਹਾਜ਼ਾਂ ’ਤੇ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ। ਜਿਹੜੇ ਬਜ਼ੁਰਗ ਜਾਂ ਯਾਤਰੀ ਕਿਸੇ ਕਾਰਨ ਡਿਜੀਟਲ ਫਾਰਮ ਨਹੀਂ ਭਰ ਸਕਦੇ, ਉਨ੍ਹਾਂ ਲਈ ਫਿਲਹਾਲ ਕਾਗਜ਼ੀ ਫਾਰਮ ਦਾ ਵਿਕਲਪ ਉਪਲਬਧ ਰਹੇਗਾ।

ਟੂਰਿਜ਼ਮ ਜਗਤ ਅਤੇ ਹਵਾਈ ਅੱਡਾ ਅਥਾਰਟੀਆਂ ਨੇ ਇਸ ਇਤਿਹਾਸਕ ਬਦਲਾਅ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਦੇਸ਼ ਦੇ ਟੂਰਿਜ਼ਮ ਮੰਤਰੀ ਡੌਨ ਫੈਰਲ ਨੇ ਕਿਹਾ ਕਿ ਇਸ ਸੁਖਾਵੇਂ ਬਦਲਾਅ ਨਾਲ ਯਾਤਰੀਆਂ ਦਾ ਕੀਮਤੀ ਸਮਾਂ ਬਚੇਗਾ ਅਤੇ ਉਹ ਹਵਾਈ ਅੱਡੇ ’ਤੇ ਫਾਰਮ ਭਰਨ ਦੀ ਬਜਾਏ ਆਸਟਰੇਲੀਆ ਵਿੱਚ ਆਪਣੀਆਂ ਛੁੱਟੀਆਂ ਦਾ ਆਨੰਦ ਜਲਦੀ ਮਾਣ ਸਕਣਗੇ। ਖੇਤੀਬਾੜੀ ਮੰਤਰੀ ਜੂਲੀ ਕੋਲਿਨਜ਼ ਨੇ ਸਪਸ਼ਟ ਕੀਤਾ ਕਿ ਨਵੀਂ ਪ੍ਰਣਾਲੀ ਨਾਲ ਦੇਸ਼ ਦੀ ਜੈਵਿਕ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਇਸ ਡਿਜੀਟਲ ਡਾਟੇ ਨਾਲ ਬੀਮਾਰੀਆਂ ਅਤੇ ਪਾਬੰਦੀਸ਼ੁਦਾ ਖਾਦ ਪਦਾਰਥਾਂ ਨੂੰ ਹੋਰ ਵਧੇਰੇ ਸਹੀ ਤਰੀਕੇ ਨਾਲ ਟ੍ਰੈਕ ਕੀਤਾ ਜਾ ਸਕੇਗਾ। ਮਾਹਿਰਾਂ ਦੇ ਅਨੁਸਾਰ, 2030 ਤੱਕ ਆਸਟਰੇਲੀਆ ਆਉਣ ਵਾਲੇ ਸਲਾਨਾ ਯਾਤਰੀਆਂ ਦੀ ਗਿਣਤੀ 1 ਕਰੋੜ 10 ਲੱਖ ਤੱਕ ਪਹੁੰਚ ਸਕਦੀ ਹੈ। ਬ੍ਰਿਸਬੇਨ 2032 ਓਲੰਪਿਕ ਤੋਂ ਪਹਿਲਾਂ ਬਾਰਡਰ ਨੂੰ ਆਧੁਨਿਕ ਬਣਾਉਣ ਦਾ ਇਹ ਕਦਮ ਦੇਸ਼ ਦੇ ਟੂਰਿਜ਼ਮ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਆਸਟਰੇਲੀਆਈ ਆਰਥਿਕਤਾ ਵਿੱਚ ਹਰ ਸਾਲ 50 ਬਿਲੀਅਨ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News