ਨਿਊਜ਼ੀਲੈਂਡ ਦੇ ''ਕੀਵੀ ਕਿੰਗ'' ਗੁਰਵਿੰਦਰ ਸਿੰਘ ਨੂੰ ਮਿਲੇਗਾ ਵੱਡਾ ਕਮਿਊਨਿਟੀ ਐਵਾਰਡ

Wednesday, Mar 17, 2021 - 06:14 PM (IST)

ਨਿਊਜ਼ੀਲੈਂਡ ਦੇ ''ਕੀਵੀ ਕਿੰਗ'' ਗੁਰਵਿੰਦਰ ਸਿੰਘ ਨੂੰ ਮਿਲੇਗਾ ਵੱਡਾ ਕਮਿਊਨਿਟੀ ਐਵਾਰਡ

ਆਕਲੈਂਡ ( (ਰਾਜੇਸ਼ ਸੂਰੀ/ਰਮਨਦੀਪ ਸਿੰਘ ਸੋਢੀ): ਪੰਜਾਬੀ ਭਾਈਚਾਰਾ ਦੁਨੀਆ ਦੇ ਜਿਹੜੇ ਵੀ ਹਿੱਸਾ ਵਿਚ ਗਿਆ ਹੈ ਉੱਥੇ ਉਸ ਨੇ ਨਾਮਣਾ ਖੱਟਿਆ ਹੈ। ਇਸ ਲੜੀ ਵਿਚ ਹੁਣ ਨਿਊਜ਼ੀਲੈਂਡ ਦੇ ਟੀਪੁੱਕੀ ਖੇਤਰ ਵਿਚ 'ਕੀਵੀ ਕਿੰਗ' ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਉਰਫ ਗੋਪਾ ਬੈਂਸ ਨੂੰ ਉਹਨਾਂ ਦੀਆਂ ਸਮਾਜ ਭਲਾਈ ਸੇਵਾਵਾਂ ਬਦਲੇ ਇਸ ਵਾਰੀ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ ਉਦਘਾਟਨ ਮੌਕੇ 21 ਮਾਰਚ ਐਤਵਾਰ ਨੂੰ ਵੱਡੇ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਦਿਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਚ ਪਹੁੰਚਣਾ ਹੈ। 

ਸਨਮਾਨ ਵਿਚ ਇਕ ਕਿਲੋ ਚਾਂਦੀ ਦੀ ਇੱਟ 'ਤੇ ਬਣੇ 10 ਤੋਲੇ ਸੋਨੇ ਦੇ ਖੰਡੇ ਦਾ ਵਿਸ਼ੇਸ਼ ਯਾਦਗਾਰੀ ਚਿੰਨ੍ਹ ਹੋਵੇਗਾ। ਇਹ ਮਹੱਤਵਪੂਰਨ ਫ਼ੈਸਲਾ ਜਿੱਥੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੋਸਾਇਟੀ ਆਫ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਨੇ ਸਰਬਸਮੰਤੀ ਨਾਲ ਲਿਆ ਹੈ ਉੱਥੇ ਸੁਸਾਇਟੀ ਦੇ 81 ਟਰਸੱਟੀਆਂ ਨੇ ਵੀ ਫ਼ੈਸਲੇ ਦਾ ਸਮਰਥਨ ਕੀਤਾ ਹੈ ਤਾਂ ਜੋ ਸਮਾਜ ਸੇਵਾ ਦੇ ਖੇਤਰ ਵਿਚ ਵਿਚਰਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। 

PunjabKesari

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਦੱਸਿਆ ਕਿ ਗੋਪਾ ਬੈਸ ਅਤੇ ਉਸ ਦੀ ਟੀਮ ਨੇ ਸੁਸਾਇਟੀ ਦੇ ਵਿਕਾਸ ਕਾਰਜਾਂ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਹੀ ਦਿਲ ਖੋਲ੍ਹ ਕੇ ਮਦਦ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਜਦੋਂ ਵੀ ਕਿਸੇ ਧਾਰਮਿਕ ਕੰਮ ਨੂੰ ਨੇਪਰੇ ਚਾੜ੍ਹਨ, ਸਮਾਜ ਭਲਾਈ ਲਈ ਕੰਮ ਕਰਨ ਜਾਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਪੀਲ ਕੀਤੀ ਜਾਂਦੀ ਹੈ ਉਦੋਂ ਗੋਪਾ ਬੈਂਸ ਦੀ ਟੀਮ ਨੇ ਹਰ ਵੇਲੇ ਵੱਧ-ਚੜ੍ਹ ਕੇ ਹਿੱਸਾ ਪਾਇਆ ਹੈ। ਉਹਨਾਂ ਨੇ ਦੱਸਿਆ ਕਿ ਗੋਪਾ ਬੈਂਸ ਨੇ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਹਰ ਸਾਲ ਵੱਡੇ ਪੱਧਰ 'ਤੇ ਕਰਵਾਏ ਜਾਣ ਵਲੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਲਈ ਵੀ ਪਿਛਲੇ ਸਾਲ ਬੇਮਿਸਾਲ ਸਹਿਯੋਗ ਦਾ ਵਾਅਦਾ ਕੀਤਾ ਸੀ ਅਤੇ ਹਰੇਕ ਸਾਲ ਮਦਦ ਦਾ ਭਰੋਸਾ ਦਿਵਾਇਆ ਸੀ। 

ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਣਕਢੇਰੀ ਪਿੰਡ ਨਾਲ ਸਬੰਧਤ ਗੁਰਵਿੰਦਰ ਸਿੰਘ ਉਰਫ ਗੋਪਾ ਬੈਂਸ 18-19 ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਗਿਆ ਸੀ ਜੋ ਹੁਣ ਟੀਪੁੱਕੀ ਵਿਚ ਸਫਲ ਕਿਸਾਨ ਦੇ ਤੌਰ 'ਤੇ ਕੀਵੀ ਫਰੂਟ ਦੇ ਉਤਪਾਦਨ ਨਾਲ ਨਿਊਜ਼ੀਲੈਂਡ ਦੀ ਇਕੌਨਮੀ ਵਿਚ ਹਿੱਸਾ ਪਾ ਰਿਹਾ ਹੈ ਅਤੇ ਪੰਜਾਬੀਆਂ ਲਈ ਵੀ ਰੁਜ਼ਗਾਰ ਵੀ ਮੁਹੱਈਆ ਕਰਵਾ ਰਿਹਾ ਹੈ।ਬੈਂਸ ਦੇ ਜਿਗਰੀ ਦੋਸਤਾਂ ਭੋਗਪੁਰ ਵਾਸੀ ਸੋਨੂੰ ਅਰੋੜਾ ਅਤੇ ਮਨਦੀਪ ਮੰਨਾ ਕਾਲਾ ਬੱਕਰਾ ਨੇ ਦੱਸਿਆ ਹੈ ਕਿ ਗੋਪਾ ਬੈਂਸ ਨੂੰ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਵੱਡਾ ਸਨਮਾਨ ਦਿੱਤੇ ਜਾਣ ਦੀ ਖ਼ਬਰ ਆਉਣ ਤੋਂ ਬਾਅਦ ਪੰਜਾਬ ਵਿਚ ਉਨ੍ਹਾਂ ਦੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਮਾਣਕਢੇਰੀ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।


author

Vandana

Content Editor

Related News