7 ਸਾਲਾ ਬੱਚੀ ਨੇ 'ਲਿੰਗੀ ਭੇਦਭਾਵ' ਵਾਲੇ ਸ਼ਬਦ 'ਤੇ ਜ਼ਾਹਰ ਕੀਤਾ ਇਤਰਾਜ਼, ਏਜੰਸੀ ਨੇ ਬਦਲਿਆ ਨਾਮ

Wednesday, Aug 01, 2018 - 01:41 PM (IST)

7 ਸਾਲਾ ਬੱਚੀ ਨੇ 'ਲਿੰਗੀ ਭੇਦਭਾਵ' ਵਾਲੇ ਸ਼ਬਦ 'ਤੇ ਜ਼ਾਹਰ ਕੀਤਾ ਇਤਰਾਜ਼, ਏਜੰਸੀ ਨੇ ਬਦਲਿਆ ਨਾਮ

ਵੇਲਿੰਗਟਨ (ਬਿਊਰੋ)— ਨਿਊਜ਼ੀਲੈਂਡ ਦੀ ਇਕ 7 ਸਾਲਾ ਬੱਚੀ ਵੱਲੋਂ ਪੁੱਛੇ ਗਏ ਸਵਾਲ ਨੇ ਹਰ ਕਿਸੇ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ। ਅਸਲ ਵਿਚ ਜਿਸ ਗੱਲ ਵੱਲ ਕਿਸੇ ਵੱਡੇ ਦਾ ਧਿਆਨ ਨਹੀਂ ਗਿਆ ਉਸ ਵੱਲ ਇਸ ਛੋਟੀ ਬੱਚੀ ਨੇ ਧਿਆਨ ਦਿੱਤਾ। 7 ਸਾਲਾ ਬੱਚੀ ਨੇ ਸੜਕ ਕਿਨਾਰੇ ਲਗੇ ਸਾਈਨ ਬੋਰਡ 'ਤੇ ਲਿਖੇ 'ਲਾਈਨਮੈਨ' ਸ਼ਬਦ 'ਤੇ ਇਤਰਾਜ਼ ਜ਼ਾਹਰ ਕੀਤਾ। ਇਸ ਮਗਰੋਂ ਹੁਣ ਇਸ ਸ਼ਬਦ ਦੀ ਜਗ੍ਹਾ 'ਲਾਈਨ ਕਰੂ' (line crew) ਲਿਖਿਆ ਜਾਵੇਗਾ। 
ਅਸਲ ਵਿਚ ਜ਼ੋਅ ਕੇਰਿਊ ਨਾਮ ਦੀ ਬੱਚੀ ਆਪਣੇ ਪਿਤਾ ਅਤੇ ਦਾਦਾ ਨਾਲ ਕਾਰ ਵਿਚ ਜਾ ਰਹੀ ਸੀ। ਅਚਾਨਕ ਉਸ ਦੀ ਨਜ਼ਰ ਸੜਕ ਕਿਨਾਰੇ ਇਲੈਕਟ੍ਰਿਕ ਪਾਵਰ ਲਾਈਨ ਵਾਲੇ ਇਲਾਕੇ ਵਿਚ ਲੱਗੇ ਬੋਰਡ 'ਤੇ ਪਈ। ਇਸ ਬੋਰਡ 'ਤੇ ਲਿਖਿਆ ਸੀ ਲਾਈਨਮੈਨ। ਬੱਚੀ ਨੇ ਆਪਣੇ ਪਿਤਾ ਅਤੇ ਦਾਦਾ ਕੋਲੋਂ ਸਵਾਲ ਪੁੱਛਿਆ ਕਿ ਔਰਤਾਂ ਵੀ ਤਾਂ ਲਾਈਨ ਵਰਕਰਸ ਹੁੰਦੀਆਂ ਹਨ ਤਾਂ ਇੱਥੇ ਸਿਰਫ ਲਾਈਨਮੈਨ ਕਿਉਂ ਲਿਖਿਆ ਹੋਇਆ ਹੈ? ਜ਼ੋਅ ਦਾ ਪਿਤਾ ਅਤੇ ਦਾਦਾ ਇਸ ਸਵਾਲ ਦਾ ਜਵਾਬ ਨਾ ਦੇ ਸਕੇ।
ਟਰਾਂਸਪੋਰਟ ਏਜੰਸੀ ਨੂੰ ਲਿਖਿਆ ਪੱਤਰ

PunjabKesari
ਆਪਣੇ ਸਵਾਲ ਦਾ ਜਵਾਬ ਜਾਨਣ ਲਈ ਜ਼ੋਅ ਨੇ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਦੇ ਮੁੱਖ ਕਾਰਜਕਾਰੀ ਫਰਗੁਸ ਜੈਮੀ ਨੂੰ ਪੱਤਰ ਲਿਖਿਆ। ਉਸ ਨੇ ਪਤੱਰ ਵਿਚ ਲਿਖਿਆ ਕਿ ਔਰਤਾਂ ਵੀ ਤਾਂ ਲਾਈਨ ਵਰਕਰਸ ਹੁੰਦੀਆਂ ਹਨ ਤਾਂ ਸੜਕ 'ਤੇ ਲੱਗੇ ਸਾਈਨ ਬੋਰਡ 'ਤੇ ਸਿਰਫ 'ਲਾਈਨਮੈਨ' ਸ਼ਬਦ ਦੀ ਹੀ ਵਰਤੋਂ ਕਿਉਂ ਹੁੰਦੀ ਹੈ। ਕੀ ਤੁਸੀਂ ਇਸ ਸ਼ਬਦ ਨਾਲ ਸਹਿਮਤ ਹੋ? ਉਸ ਨੇ ਲਿਖਿਆ ਕਿ ਮੈਨੂੰ ਇਹ ਸ਼ਬਦ ਭੇਦਭਾਵਪੂਰਣ ਲੱਗਦਾ ਹੈ। ਬੱਚੀ ਨੇ ਅੱਗੇ ਲਿਖਿਆ ਕਿ ਉਹ ਵੱਡੀ ਹੋ ਕੇ ਲਾਈਨ ਵਰਕਰ ਤਾਂ ਨਹੀਂ ਬਣਨਾ ਚਾਹੁੰਦੀ ਪਰ ਬਹੁਤ ਸਾਰੀਆਂ ਬੱਚੀਆਂ ਅਜਿਹੀਆਂ ਹਨ ਜੋ ਵੱਡੀਆਂ ਹੋ ਕੇ ਲਾਈਨ ਵਰਕਰਸ ਬਣਨਾ ਚਾਹੁੰਦੀਆਂ ਹਨ। ਉਸ ਨੇ ਲਿਖਿਆ ਕਿ ਲਾਈਨਮੈਨ ਸ਼ਬਦ ਨਾਲ ਇੰਝ ਲੱਗਦਾ ਹੈ ਜਿਵੇਂ ਇਹ ਕੰਮ ਸਿਰਫ ਪੁਰਸ਼ਾਂ ਲਈ ਹੈ ਜਦਕਿ ਅਸਲ ਵਿਚ ਅਜਿਹਾ ਬਿਲਕੁੱਲ ਵੀ ਨਹੀਂ ਹੈ। ਕੀ ਇਸ ਸ਼ਬਦ ਦੀ ਜਗ੍ਹਾ ਕਿਸੇ ਢੁਕਵੇਂ ਸ਼ਬਦ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਧਿਕਾਰੀ ਨੇ ਦਿੱਤਾ ਇਹ ਜਵਾਬ 
ਜ਼ੋਅ ਦਾ ਪੱਤਰ ਪੜ੍ਹਨ ਮਗਰੋਂ ਫਰਗੁਸ ਜੈਮੀ ਨੇ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪੱਤਰ ਦੇ ਜਵਾਬ ਵਿਚ ਜ਼ੋਅ ਨੂੰ ਲਿਖਿਆ ਕਿ ਅਸੀਂ ਤੁਹਾਡੀ ਗੱਲ ਨਾਲ ਪੂਰੀ ਤਰਾਂ ਸਹਿਮਤ ਹਾਂ। ਅਸੀਂ ਤੁਹਾਡੇ ਸੁਝਾਅ 'ਤੇ ਇਸ ਨਾਮ ਨੂੰ ਬਦਲਣ ਜਾ ਰਹੇ ਹਾਂ। ਇਸ ਦੇ ਇਲਾਵਾ ਜੈਮੀ ਨੇ ਲਿਖਿਆ ਕਿ ਵੱਡੇ ਸੁਝਾਅ ਕਿਤੋਂ ਵੀ ਆ ਸਕਦੇ ਹਨ। ਜ਼ੋਅ ਜਿਹੇ ਛੋਟੇ ਬੱਚਿਆਂ ਤੋਂ ਵੀ। ਸ਼ਾਬਾਸ਼ ਜ਼ੋਅ। ਜ਼ੋਅ ਦੀ ਮਾਂ ਨੇ ਟਰਾਂਸਪੋਰਟ ਏਜੰਸੀ ਦੇ ਅਧਕਾਰੀ ਜੈਮੀ ਦੇ ਪੱਤਰ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਉਸ ਨੇ ਲਿਖਿਆ ਹੈ ਕਿ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ।


Related News