ਨਵੀਂ ਤਕਨਾਲੋਜੀ ਨਾਲ ਨੇਤਰਹੀਣ ਬੱਚੇ ਵੀ ਛੂਹ ਕੇ ਆਨੰਦ ਮਾਣ ਸਕਣਗੇ ਖੇਡਾਂ

Wednesday, May 27, 2026 - 10:52 PM (IST)

ਨਵੀਂ ਤਕਨਾਲੋਜੀ ਨਾਲ ਨੇਤਰਹੀਣ ਬੱਚੇ ਵੀ ਛੂਹ ਕੇ ਆਨੰਦ ਮਾਣ ਸਕਣਗੇ ਖੇਡਾਂ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਵਿੱਚ ਇਜਾਦ ਹੋਈ ਨਵੀਂ ਤਕਨਾਲੋਜੀ ਨਾਲ ਅੰਸ਼ਕ ਤੌਰ ’ਤੇ ਨੇਤਰਹੀਣ ਬੱਚੇ ਵੀ ਖੇਡਾਂ ਦਾ ਆਨੰਦ ਮਾਣ ਸਕਣਗੇ। ਇੱਕ ਖਾਸ ਡਿਵਾਈਸ ਦੀ ਮਦਦ ਨਾਲ 10 ਸਾਲਾ ਬੱਚਾ ਹੁਣ ਖੇਡ ਨੂੰ ਅੱਖਾਂ ਨਾਲ ਨਹੀਂ, ਸਗੋਂ ਆਪਣੇ ਹੱਥਾਂ ਦੇ ਛੂਹ ਕੇ ਮਹਿਸੂਸ ਕਰਕੇ ਸਮਝ ਸਕਦਾ ਹੈ।

ਜਾਣਕਾਰੀ ਅਨੁਸਾਰ ਟੇਟਨ ਵੇਕਫੀਲਡ ਨਾਂ ਦਾ ਇਹ ਬੱਚਾ ਜਨਮ ਤੋਂ ਹੀ ਅੰਸ਼ਕ ਤੌਰ ’ਤੇ ਨੇਤਰਹੀਣ ਹੈ, ਜਿਸ ਕਾਰਨ ਖੇਡ ਮੁਕਾਬਲੇ ਦੇਖਣ ਦੌਰਾਨ ਉਸਨੂੰ ਕਾਫ਼ੀ ਮੁਸ਼ਕਲ ਆਉਂਦੀ ਸੀ। ਹੁਣ ‘ਵਨਕੋਰਟ’ ਨਾਮੀ ਨਵੀਂ ਡਿਵਾਈਸ ਨੇ ਉਸ ਲਈ ਇਹ ਤਜਰਬਾ ਬਦਲ ਦਿੱਤਾ ਹੈ।

ਇਸ ਡਿਵਾਈਸ ’ਤੇ ਮੈਦਾਨ ਦੀ ਆਕ੍ਰਿਤੀ ਉਭਰੀ ਹੋਈ ਹੁੰਦੀ ਹੈ ਅਤੇ ਖੇਡ ਦੌਰਾਨ ਗੇਂਦ ਦੀ ਹਿਲਚਲ ਕੰਪਨ ਜਾਂ ਛੂਹ ਰਾਹੀਂ ਹੱਥਾਂ ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਬੱਚਾ ਆਪਣੀਆਂ ਉਂਗਲਾਂ ਨਾਲ ਖੇਡ ਦੀ ਚਾਲ ਨੂੰ ਮਹਿਸੂਸ ਕਰ ਸਕਦਾ ਹੈ ਅਤੇ ਸਮਝ ਸਕਦਾ ਹੈ ਕਿ ਮੈਦਾਨ ਵਿੱਚ ਕੀ ਹੋ ਰਿਹਾ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਇਸ ਤਕਨਾਲੋਜੀ ਨੇ ਬੱਚੇ ਲਈ ਖੇਡਾਂ ਦੇਖਣ ਦਾ ਪੂਰਾ ਤਜਰਬਾ ਹੀ ਬਦਲ ਦਿੱਤਾ ਹੈ। ਹੁਣ ਉਹ ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ ਖੇਡਾਂ ਨਾਲ ਜੁੜ ਸਕਦਾ ਹੈ ਅਤੇ ਆਪਣੇ ਮਨਪਸੰਦ ਮੁਕਾਬਲਿਆਂ ਦਾ ਆਨੰਦ ਲੈ ਸਕਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਤਕਨਾਲੋਜੀ ਭਵਿੱਖ ਵਿੱਚ ਨੇਤਰਹੀਣ ਅਤੇ ਘੱਟ ਨਜ਼ਰ ਵਾਲੇ ਲੋਕਾਂ ਲਈ ਖੇਡਾਂ ਅਤੇ ਹੋਰ ਸਮਾਗਮਾਂ ਨੂੰ ਹੋਰ ਵੀ ਪਹੁੰਚਯੋਗ ਬਣਾ ਸਕਦੀ ਹੈ।


author

Inder Prajapati

Content Editor

Related News