ਨਵੇਂ ਪੋਪ ਦਾ ਹੋ ਗਿਆ ਐਲਾਨ, ਰਾਬਰਟ ਪ੍ਰੀਵੋਸਟ ਬਣੇ ਸਭ ਤੋਂ ਵੱਡੇ ਈਸਾਈ ਧਰਮਗੁਰੂ
Friday, May 09, 2025 - 04:01 AM (IST)

ਵੈਟੀਕਨ/ਮਿਲਾਨ (ਇਟਲੀ) (ਦਲਵੀਰ ਸਿੰਘ ਕੈਂਥ, ਸਾਬੀ ਚੀਨੀਆ) : ਵੈਟੀਕਨ ਸਿਟੀ ਵਿੱਚ ਸਿਸਟੀਨ ਚੈਪਲ ਦੀ ਚਿਮਨੀ ਤੋਂ ਚਿੱਟੇ ਧੂੰਏਂ ਦਾ ਗੁਬਾਰ ਉੱਠ ਗਿਆ ਹੈ। ਇਸਦਾ ਮਤਲਬ ਹੈ ਕਿ ਕੈਥੋਲਿਕ ਚਰਚ ਦੇ ਕਾਰਡੀਨਲਾਂ ਨੇ ਅਗਲਾ ਪੋਪ ਚੁਣ ਲਿਆ ਹੈ। ਸੀਨੀਅਰ ਕਾਰਡੀਨਲਾਂ ਨੇ ਵੀਰਵਾਰ ਨੂੰ ਸੇਂਟ ਪੀਟਰਜ਼ ਸਕੁਏਅਰ ਵਿੱਚ ਐਲਾਨ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਦੇ ਰਾਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਨਵੇਂ ਪੋਪ ਹੋਣਗੇ ਅਤੇ ਉਨ੍ਹਾਂ ਨੂੰ ਪੋਪ ਲੀਓ XIV ਵਜੋਂ ਜਾਣਿਆ ਜਾਵੇਗਾ। ਰਾਬਰਟ ਪ੍ਰੀਵੋਸਟ ਪਹਿਲੇ ਅਮਰੀਕੀ ਪੋਪ ਹਨ।
ਸਿਸਟੀਨ ਚੈਪਲ ਦੀ ਚਿਮਨੀ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋਣ ਤੋਂ ਲਗਭਗ 70 ਮਿੰਟ ਬਾਅਦ ਪੋਪ ਲਿਓ ਸੇਂਟ ਪੀਟਰਜ਼ ਬੇਸਿਲਿਕਾ ਦੀ ਕੇਂਦਰੀ ਬਾਲਕੋਨੀ ਵਿੱਚ ਪ੍ਰਗਟ ਹੋਏ। ਫਿਰ ਇਹ ਸਪੱਸ਼ਟ ਹੋ ਗਿਆ ਕਿ 133 ਕਾਰਡੀਨਲ ਇਲੈਕਟਰਾਂ ਨੇ ਕੈਥੋਲਿਕ ਚਰਚ ਲਈ ਇੱਕ ਨਵਾਂ ਆਗੂ ਚੁਣਿਆ ਹੈ। ਨਵੇਂ ਪੋਪ ਦੇ ਰੂਪ ਵਿਚ ਰਾਬਰਟ ਪ੍ਰੀਵੋਸਟ ਦੇ ਨਾਂ ਦਾ ਐਲਾਨ ਫਰਾਂਸ ਦੇ ਕਾਰਡੀਨਲ ਡੋਮਿਨਿਕ ਮੈਮਬਰਟੀ ਨੇ ਕੀਤਾ। ਸੇਂਟ ਪੀਟਰਜ਼ ਸਕੁਏਅਰ ਵਿੱਚ ਇਕੱਠੇ ਹੋਏ ਹਜ਼ਾਰਾਂ ਲੋਕਾਂ ਵਿਚਾਲੇ ਉਨ੍ਹਾਂ ਕਿਹਾ ਕਿ, ''ਸਾਡੇ ਕੋਲ ਇਕ ਪੋਪ ਹੈ।''
ਇਹ ਵੀ ਪੜ੍ਹੋ : ਟਰੰਪ ਦਾ ਦਬਦਬਾ, ਯੂਕ੍ਰੇਨ ਦੀ ਸੰਸਦ 'ਚ ਖਣਿਜ ਸਮਝੌਤੇ ਨੂੰ ਮਨਜ਼ੂਰੀ
ਕੌਣ ਹਨ ਰਾਬਰਟ ਪ੍ਰੀਵੋਸਟ?
69 ਸਾਲਾ ਰਾਬਰਟ ਪ੍ਰੀਵੋਸਟ ਮੂਲ ਰੂਪ ਵਿੱਚ ਸ਼ਿਕਾਗੋ ਦੇ ਰਹਿਣ ਵਾਲੇ ਹਨ। ਪ੍ਰੀਵੋਸਟ ਨੇ ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਪੇਰੂ ਵਿੱਚ ਇੱਕ ਮਿਸ਼ਨਰੀ ਵਜੋਂ ਬਿਤਾਇਆ ਅਤੇ 2023 ਵਿੱਚ ਹੀ ਉਹ ਕਾਰਡੀਨਲ ਬਣੇ। ਉਨ੍ਹਾਂ ਬਹੁਤ ਘੱਟ ਮੀਡੀਆ ਇੰਟਰਵਿਊ ਦਿੱਤੇ ਹਨ ਅਤੇ ਜਨਤਕ ਤੌਰ 'ਤੇ ਘੱਟ ਹੀ ਬੋਲਦੇ ਹਨ। ਪੋਪ ਫਰਾਂਸਿਸ ਦੀ ਮੌਤ ਤੋਂ ਬਾਅਦ ਲੀਓ 267ਵੇਂ ਕੈਥੋਲਿਕ ਪੋਪ ਬਣੇ। ਪੋਪ ਫਰਾਂਸਿਸ ਪਹਿਲੇ ਲਾਤੀਨੀ ਅਮਰੀਕੀ ਪੋਪ ਸਨ ਅਤੇ ਉਨ੍ਹਾਂ ਨੇ 12 ਸਾਲਾਂ ਤੱਕ ਕੈਥੋਲਿਕ ਚਰਚ ਦੀ ਅਗਵਾਈ ਕੀਤੀ।
ਕੀ ਹੈ ਪੋਪ ਨੂੰ ਚੁਣਨ ਦੀ ਪ੍ਰਕਿਰਿਆਹੈ?
ਕੈਥੋਲਿਕ ਪਰੰਪਰਾ ਅਨੁਸਾਰ, ਪੋਪਲ ਕਨਕਲੇਵ ਵਿੱਚ ਇੱਕ ਨਵਾਂ ਪੋਪ ਚੁਣਿਆ ਜਾਂਦਾ ਹੈ। ਇਸ ਵਿੱਚ ਦੁਨੀਆ ਭਰ ਦੇ ਕਾਰਡੀਨਲ ਪੋਪ ਦੀ ਚੋਣ ਕਰਦੇ ਹਨ। ਕਾਰਡੀਨਲ ਕੈਥੋਲਿਕ ਚਰਚ ਦੇ ਸਭ ਤੋਂ ਉੱਚੇ ਦਰਜੇ ਦੇ ਪਾਦਰੀ ਹਨ। ਕਾਰਡੀਨਲ ਦੁਨੀਆ ਭਰ ਦੇ ਬਿਸ਼ਪ ਅਤੇ ਵੈਟੀਕਨ ਅਧਿਕਾਰੀ ਹੁੰਦੇ ਹਨ ਜਿਨ੍ਹਾਂ ਨੂੰ ਪੋਪ ਦੁਆਰਾ ਨਿੱਜੀ ਤੌਰ 'ਤੇ ਚੁਣਿਆ ਜਾਂਦਾ ਹੈ। ਸੰਮੇਲਨ ਵਿੱਚ ਇਹ ਕਾਰਡੀਨਲ ਇੱਕ ਨਵੇਂ ਪੋਪ ਦੀ ਚੋਣ ਕਰਨ ਲਈ ਕਈ ਮੀਟਿੰਗਾਂ ਕਰਦੇ ਹਨ। ਨਵੇਂ ਪੋਪ ਲਈ ਵੋਟਿੰਗ ਵੈਟੀਕਨ ਸਿਟੀ ਦੇ ਸਿਸਟੀਨ ਚੈਪਲ ਵਿੱਚ ਹੁੰਦੀ ਹੈ। 80 ਸਾਲ ਤੋਂ ਘੱਟ ਉਮਰ ਦੇ ਕਾਰਡੀਨਲਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਵੋਟਿੰਗ ਅਤੇ ਮੀਟਿੰਗ ਦੀ ਪੂਰੀ ਪ੍ਰਕਿਰਿਆ ਗੁਪਤ ਰੱਖੀ ਜਾਂਦੀ ਹੈ। ਇਸ ਸਮੇਂ ਦੌਰਾਨ ਕਾਰਡੀਨਲਾਂ ਨੂੰ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ : ਭਾਰਤ ਦੀ ਡਿਜੀਟਲ ਜੰਗ, 8000 ਤੋਂ ਵੱਧ ਪਾਕਿਸਤਾਨ ਸਮਰਥਕ X ਅਕਾਊਂਟ ਬਲਾਕ
ਕਾਰਡੀਨਲ ਗੁਪਤ ਵੋਟਿੰਗ ਰਾਹੀਂ ਵੋਟ ਪਾਉਂਦੇ ਹਨ। ਵੋਟਿੰਗ ਹਰ ਰੋਜ਼ ਚਾਰ ਦੌਰ ਲਈ ਹੁੰਦੀ ਹੈ ਅਤੇ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਕੋਈ ਉਮੀਦਵਾਰ ਦੋ-ਤਿਹਾਈ ਵੋਟਾਂ ਪ੍ਰਾਪਤ ਨਹੀਂ ਕਰ ਲੈਂਦਾ। ਇਹ ਪ੍ਰਕਿਰਿਆ ਸਵੇਰ ਦੇ ਇੱਕ ਵਿਸ਼ੇਸ਼ ਇਕੱਠ ਨਾਲ ਸ਼ੁਰੂ ਹੁੰਦੀ ਹੈ, ਜਿੱਥੇ 120 ਕਾਰਡੀਨਲ ਸਿਸਟੀਨ ਚੈਪਲ ਵਿੱਚ ਇਕੱਠੇ ਹੁੰਦੇ ਹਨ। ਇਹ 120 ਕਾਰਡੀਨਲ ਨਵੇਂ ਪੋਪ ਦੀ ਚੋਣ ਕਰਦੇ ਹਨ।
ਇਸ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਕਾਰਡੀਨਲ ਸਾਰਿਆਂ ਨੂੰ ਜਾਣ ਲਈ ਕਹਿੰਦਾ ਹੈ। ਇਸ ਤੋਂ ਪਹਿਲਾਂ ਇਹ ਕਾਰਡੀਨਲ ਗੁਪਤਤਾ ਦੀ ਸਹੁੰ ਚੁੱਕਦੇ ਹਨ ਅਤੇ ਨਵੇਂ ਪੋਪ ਦੀ ਚੋਣ ਹੋਣ ਤੱਕ ਆਪਣੇ ਆਪ ਨੂੰ ਸੰਮੇਲਨ ਵਿੱਚ ਹੀ ਸੀਮਤ ਰੱਖਦੇ ਹਨ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਵੋਟਿੰਗ ਦੇ ਪਹਿਲੇ ਦਿਨ ਹੀ ਨਵਾਂ ਪੋਪ ਚੁਣਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8