ਯੂਕ੍ਰੇਨ ਲਈ ਹੋਰ ਅਮਰੀਕੀ ਹਥਿਆਰ ਖਰੀਦਣਗੇ ਨਾਟੋ ਦੇ ਨਵੇਂ ਮੈਂਬਰ

Thursday, Oct 16, 2025 - 01:42 AM (IST)

ਯੂਕ੍ਰੇਨ ਲਈ ਹੋਰ ਅਮਰੀਕੀ ਹਥਿਆਰ ਖਰੀਦਣਗੇ ਨਾਟੋ ਦੇ ਨਵੇਂ ਮੈਂਬਰ

ਬ੍ਰਸਲਜ਼ - ਨਾਟੋ ਦੇ 2 ਨਵੇਂ ਮੈਂਬਰ ਫਿਨਲੈਂਡ ਅਤੇ ਸਵੀਡਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਯੂਕ੍ਰੇਨ ਲਈ ਅਮਰੀਕਾ ਤੋਂ ਹੋਰ ਹਥਿਆਰ ਖਰੀਦਣਗੇ। ਇਹ ਐਲਾਨ ਉਸ ਬਿਆਨ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਯੂਕ੍ਰੇਨ ਨੂੰ ਹਾਲ ਹੀ ਦੇ ਮਹੀਨਿਆਂ ਵਿਚ ਬਹੁਤ ਘੱਟ ਵਿਦੇਸ਼ੀ ਫੌਜੀ ਸਹਾਇਤਾ ਮਿਲੀ ਹੈ।

ਜ਼ਿਕਰਯੋਗ ਹੈ ਕਿ ਇਨ੍ਹਾਂ ਗਰਮੀਆਂ ਵਿਚ ਨਾਟੋ ਨੇ ਰੂਸ ਵਿਰੁੱਧ ਜੰਗ ’ਚ ਮਦਦ ਕਰਨ ਲਈ ਯੂਕ੍ਰੇਨ ਨੂੰ ਹਥਿਆਰਾਂ ਦੀ ਵੱਡੇ ਪੱਧਰ ’ਤੇ ਰੈਗੂਲਰ ਸਪਲਾਈ ਲਈ ਅਮਰੀਕਾ ਨਾਲ ਤਾਲਮੇਲ ਸ਼ੁਰੂ ਕੀਤਾ। ਇਸ ਦਾ ਮਕਸਦ ਹਰ ਮਹੀਨੇ ਲੱਗਭਗ 500 ਮਿਲੀਅਨ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਭੇਜਣਾ ਸੀ। ਯੂਰਪੀ ਦੇਸ਼ਾਂ ਦੇ ਹਥਿਆਰਾਂ ਦੇ ਭੰਡਾਰ ਲੱਗਭਗ ਖਤਮ ਹੋ ਗਏ ਹਨ ਅਤੇ ਨਾਟੋ ਡਿਪਲੋਮੈਟਾਂ ਦੇ ਅਨੁਸਾਰ ਅਮਰੀਕਾ ਕੋਲ ਲੱਗਭਗ 10 ਤੋਂ 12 ਬਿਲੀਅਨ ਅਮਰੀਕੀ ਡਾਲਰ ਦੇ ਹਥਿਆਰ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਗੋਲਾ-ਬਾਰੂਦ ਬਾਕੀ ਹਨ, ਜਿਨ੍ਹਾਂ ਦੀ ਵਰਤੋਂ ਯੂਕ੍ਰੇਨ ’ਚ ਕੀਤੀ ਜਾ ਸਕਦੀ ਹੈ।

ਇਹ ਸਹਾਇਤਾ ‘ ਯੂਕ੍ਰੇਨ ਦੀਆਂ ਮੁੱਢਲੀਆਂ ਜ਼ਰੂਰਤਾਂ ਸੂਚੀ’ ਨਾਂ ਦੇ ਇਕ ਵਿੱਤੀ ਪ੍ਰਬੰਧ ਦੇ ਤਹਿਤ ਭੇਜੀ ਜਾ ਰਹੀ ਹੈ, ਜਿਸ ਦੇ ਤਹਿਤ ਯੂਰਪੀ ਸਹਿਯੋਗੀ ਦੇਸ਼ ਅਤੇ ਕੈਨੇਡਾ ਅਮਰੀਕੀ ਹਥਿਆਰ ਖਰੀਦ ਕੇ ਯੂਕ੍ਰੇਨ ਨੂੰ ਦੇ ਰਹੇ ਹਨ। ਇਸ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਲੱਗਭਗ 2 ਬਿਲੀਅਨ ਡਾਲਰ ਅਲਾਟ ਕੀਤੇ ਗਏ ਹਨ।

ਯੂਕ੍ਰੇਨੀ ਅਧਿਕਾਰੀਆਂ ਨੇ ਅਮਰੀਕੀ ਹਥਿਆਰ ਨਿਰਮਾਤਾਵਾਂ ਨਾਲ ਕੀਤੀ ਮੁਲਾਕਾਤ
ਉੱਥੇ ਹੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਇਸ ਹਫਤੇ ਦੇ ਅਖੀਰ ਵਿਚ ਵ੍ਹਾਈਟ ਹਾਊਸ ’ਚ ਆਪਣੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਇਕ ਯੂਕ੍ਰੇਨੀ ਸਰਕਾਰੀ ਵਫ਼ਦ ਨੇ ਪ੍ਰਮੁੱਖ ਅਮਰੀਕੀ ਹਥਿਆਰ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਹੈ।

ਇਕ ਸੀਨੀਅਰ ਯੂਕ੍ਰੇਨੀ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਯੂਕ੍ਰੇਨੀ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਐਂਡਰੀ ਯੇਰਮਕ ਅਤੇ ਪ੍ਰਧਾਨ ਮੰਤਰੀ ਯੂਲੀਆ ਸਵਿਡੇਂਕੋ ਦੀ ਅਗਵਾਈ ਵਿਚ ਇਕ ਵਫ਼ਦ ਨੇ ਲਾਕਹੀਡ ਮਾਰਟਿਨ ਅਤੇ ਰੇਥਿਓਨ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਯੇਰਮਕ ਨੇ ਇਹ ਜਾਣਕਾਰੀ ਇਕ ਟੈਲੀਗ੍ਰਾਮ ਪੋਸਟ ਵਿਚ ਸਾਂਝੀ ਕੀਤੀ।

ਇਹ ਜੰਗ 24 ਫਰਵਰੀ 2022 ਨੂੰ ਸ਼ੁਰੂ ਹੋਈ ਸੀ। ਯੇਰਮਕ ਦੇ ਇਕ ਸੀਨੀਅਰ ਸਲਾਹਕਾਰ ਮਾਈਖਾਈਲੋ ਪੋਡੋਲਯਾਕ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਯੂਕ੍ਰੇਨ ਅਮਰੀਕਾ ਤੋਂ ਕਰੂਜ਼ ਮਿਜ਼ਾਈਲਾਂ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਸਾਂਝੇ ਡਰੋਨ ਉਤਪਾਦਨ ਸਮਝੌਤਿਆਂ ਦੀ ਮੰਗ ਕਰ ਰਿਹਾ ਹੈ।


author

Inder Prajapati

Content Editor

Related News