'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ

Thursday, Aug 21, 2025 - 09:55 AM (IST)

'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਕੁਈਨਜ਼ਲੈਂਡ ਦੀ ਪੰਜਾਬੀ ਸਾਹਿਤਕ ਸੰਸਥਾ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਨੇ ਬੀਤੇ ਪੰਜ ਸਾਲਾ ਗੌਰਵਮਈ ਸਾਹਿਤਕ ਇਤਿਹਾਸ ਸਿਰਜਣ ਤੋਂ ਬਾਅਦ ਛੇਵੇਂ ਸਾਲ ਵਿੱਚ ਪੈਰ ਰੱਖਣ ਜਾ ਰਹੀ ਹੈ। ਇਸ ਸਾਹਿਤਕ ਸਭਾ ਨੇ ਆਪਣੇ ਕਾਰਜਾਂ ਨੂੰ ਲੋਕਤੰਤਰਿਕ ਪ੍ਰਕਿਰਿਆ ਅਧੀਨ ਚਲਦਿਆਂ ਸਮੂਹ ਮੈਂਬਰਾਂ ਨੂੰ ਬਰਾਬਰ ਅਹਿਮੀਅਤ ਦੇਣ ਦਾ, ਆਸਟਰੇਲੀਆ ਦੀਆਂ ਸਾਹਿਤਕ ਸੰਸਥਾਵਾਂ ਨਾਲੋਂ ਹੁਣ ਤੱਕ ਦਾ ਵੱਖਰਾ ਤੇ ਉਚੇਰੇ ਪੱਧਰ ਦਾ ਕੰਮ ਕੀਤਾ ਹੈ। ਅਗਲੇ ਸਾਲ ਦੀ ਨਵੀਂ ਚੁਣੀ ਗਈ ਕਮੇਟੀ ਦੀ ਚੋਣ ਤੋਂ ਪਹਿਲਾਂ ਪ੍ਰਧਾਨ, ਸੈਕਟਰੀ ਤੇ ਖਜ਼ਾਨਚੀ ਦੇ ਅਹੁਦਿਆ ਉੱਪਰ ਬਿਰਾਜਮਾਨ ਰਹੇ ਮੈਂਬਰਾਂ ਨੇ ਆਪਣੀ ਆਪਣੀ ਪਿਛਲੇ ਕਾਰਜਕਾਲ ਦੀ ਰਿਪੋਰਟ ਪੇਸ਼ ਕੀਤੀ। ਇਨ੍ਹਾਂ ਰਿਪੋਰਟਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਅਗਲੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ। ਸਮੂਹਿਕ ਰੂਪ ਵਿੱਚ ਸਾਹਿਤਕ ਖੇਤਰ ਵਿੱਚ ਕੰਮ ਕਰਦਿਆਂ ਨਵੀਆਂ ਪੁਸਤਕਾਂ ਦਾ ਲੋਕ ਅਰਪਣ, ਪੰਜਾਬ ਤੋਂ ਪਹੁੰਚੇ ਲੇਖਕਾਂ ਦਾ ਸਨਮਾਨ, ਪੰਜਾਬੀ ਭਾਸ਼ਾ, ਸੱਭਿਆਚਾਰਕ ਤੇ ਵਿਰਾਸਤ ਨੂੰ ਸਾਂਭਣ ਦੀ ਸੇਵਾ ਕਰਨ ਵਾਲਿਆਂ ਦਾ ਸਨਮਾਨ ਕਰਨਾ, ਇਸ ਸਭਾ ਦੇ ਮੁੱਖ ਕਾਰਜਾਂ ਵਜੋਂ ਰਹੇ ਹਨ।

ਇਹ ਵੀ ਪੜ੍ਹੋ : IFFM 2025: ਜੈਦੀਪ ਅਹਲਾਵਤ ਨੂੰ 'ਪਾਤਾਲ ਲੋਕ ਸੀਜ਼ਨ 2' ਲਈ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ

ਇਸ ਤੋਂ ਅੱਗੇ ਬ੍ਰਿਸਬੇਨ ਵਿੱਚ ਪੰਜਾਬੀ ਭਾਸ਼ਾ ਜਾਂ ਬੋਲੀ ਦੇ ਵਿਸਥਾਰ ਲਈ ਉੱਦਮ, ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ, ਭਾਈਚਾਰੇ ਨਾਲ ਆਸਟਰੇਲੀਆ ਦੀਆਂ ਨੀਤੀਆਂ ਬਾਰੇ ਗਿਆਨ ਗੋਸ਼ਟੀਆਂ ਕਰਨਾ ਵੀ ਇਸ ਸਭਾ ਦਾ ਕਾਰਜ ਰਿਹਾ ਹੈ। ਕੁਈਨਜ਼ਲੈਂਡ ਦੀਆਂ ਦੋ ਕੌਂਸਲਾਂ ਦੇ ਖੇਤਰ ਵਿੱਚ ਪੰਜਾਬੀ ਸਟਰੀਟ ਲਾਇਬ੍ਰੇਰੀਆਂ ਤੇ ਉਸ ਵਿੱਚ ਪੰਜਾਬੀ ਦੀਆਂ ਪੁਸਤਕਾਂ ਮੁਹੱਈਆ ਕਰਨ ਵਾਲਾ ਵਿਲੱਖਣ ਕੰਮ ਇਸ ਸਭਾ ਦੇ ਹਿੱਸੇ ਆਇਆ। ਪਿਛਲੇ ਪੰਜ ਸਾਲਾਂ ਵਿੱਚ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਨੇ ਵੱਖ-ਵੱਖ ਪੰਜਾਬੀ ਜਾਂ ਭਾਰਤੀ ਤੇ ਆਸਟਰੇਲੀਆ ਦੀਆਂ ਸੰਸਥਾਵਾਂ ਨਾਲ ਆਪਣੇ ਸਬੰਧ ਕਾਇਮ ਕੀਤੇ ਜਿਹਨਾਂ ਵਿੱਚ ਇੰਡੋਜ ਟੀਵੀ, ਰੇਡੀਓ 4ਈਬੀ, ਮਾਝਾ ਯੂਥ ਕਲੱਬ, ਡਾਕਟਰ ਅੰਬੇਡਕਰ ਸੁਸਾਇਟੀ, ਇੰਡੋਜ ਸਾਹਿਤ ਸਭਾ, ਪਾਕਿਸਤਾਨੀ ਪੰਜਾਬੀ ਸੰਸਥਾ ਆਦਿ ਜ਼ਿਕਰਯੋਗ ਨਾਮ ਹਨ। ਪੰਜਾਬੀ ਵਿੱਚ ਛਪੀਆਂ ਲਿਖਤਾਂ ਉੱਪਰ ਗੋਸ਼ਟੀ ਸਮਾਗਮ ਕਰਵਾਉਣੇ ਤੇ ਹਰਪਾਲ ਪੰਨੂੰ ਵਰਗੇ ਵੱਡੇ ਸਾਹਿਤਕਾਰ, ਗੁਰਦਿਆਲ ਰੌਸ਼ਨ ਵਰਗੇ ਕੱਦਵਾਨ ਗਜ਼ਲਗੋ ਅਤੇ ਜੱਸੀ ਧਾਲੀਵਾਲ ਵਰਗੇ ਨੌਜਵਾਨ ਕਹਾਣੀਕਾਰ ਦਾ ਇਸ ਪਲੇਟਫਾਰਮ ਤੋਂ ਲੋਕਾਂ ਦੇ ਰੂਬਰੂ ਹੋਣਾ, ਸਭਾ ਦਾ ਮਾਣ ਵਧਾਉਂਦਾ ਹੈ। ਸਭਾ ਮੈਂਬਰਾਂ ਦੇ ਸਾਂਝੇ ਕਾਵਿ ਸੰਗ੍ਰਿਹ ਨਾਲ ਨਵੇਂ ਤੇ ਸਥਾਪਿਤ ਪੰਜਾਬੀ ਦੇ ਲੇਖਕਾਂ ਦੀ ਸਾਂਝ ਪਵਾਉਣ ਦਾ ਕਾਰਜ ਵੀ ਇਸ ਸਭਾ ਦੇ ਹਿੱਸੇ ਆਇਆ। ਕੋਵਿਡ ਦੌਰਾਨ ਆਨਲਾਈਨ ਪ੍ਰੋਗਰਾਮ ਜਾਰੀ ਰੱਖਣਾ ਭਾਵੇਂ ਇਕ ਚੁਣੌਤੀ ਸੀ ਪਰ ਸਭਾ ਨੇ ਉਸ ਨਾਲ ਵੀ ਨਜਿੱਠਣ ਵਿੱਚ ਮੋਹਰੀ ਕਦਮ ਪੁੱਟੇ।

 ਇਹ ਵੀ ਪੜ੍ਹੋ : UIDAI ਨਾਲ ਕਨੈਕਟ ਹੋਈ ਐਲੋਨ ਮਸਕ ਦੀ ਸਟਾਰਲਿੰਕ, ਹੁਣ ਬਿਨਾਂ ਆਧਾਰ ਦੇ ਨਹੀਂ ਮਿਲੇਗਾ ਇੰਟਰਨੈੱਟ ਕਨੈਕਸ਼ਨ

ਇਹ ਜਾਣਕਾਰੀ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਇਕ ਪ੍ਰੈੱਸ ਨੋਟ ਰਾਹੀਂ ਸਾਂਝੀ ਕੀਤੀ। ਫਾਊਂਡਰ ਮੈਂਬਰਾਂ ਨੇ ਮਾਣ ਨਾਲ ਦੱਸਿਆ ਕਿ ਅਗਲੇ ਸਾਲ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਤੋਂ ਸਮੂਹਿਕ ਸਭਾ ਮੈਂਬਰਾਂ ਨੂੰ ਵਡੇਰੀਆਂ ਆਸਾਂ ਹਨ। ਨਵੀਂ ਚੁਣੀ ਗਈ ਕਾਰਜਕਾਰਨੀ ਵਿੱਚ ਸਭਾ ਦੇ ਪ੍ਰਧਾਨ ਦੇ ਅਹੁਦੇ ਲਈ ਜਸਕਰਨ ਸ਼ੀਂਹ, ਜਨਰਲ ਸਕੱਤਰ ਪਰਮਿੰਦਰ ਸਿੰਘ ਅਤੇ ਮੀਤ ਪ੍ਰਧਾਨ ਪ੍ਰਸਿੱਧ ਗਜ਼ਲਗੋ ਜਸਵੰਤ ਵਾਗਲਾ ਜੀ ਚੁਣੇ ਗਏ ਹਨ। ਇਸ ਦੇ ਨਾਲ ਹੀ ਕਾਰਜਕਾਰਨੀ ਵਿੱਚ ਵੱਖ-ਵੱਖ ਅਹੁਦੇਦਾਰੀਆਂ ਲਈ ਵਰਿੰਦਰ ਅਲੀਸ਼ੇਰ (ਮੀਤ ਸਕੱਤਰ), ਦਲਜੀਤ ਸਿੰਘ (ਸਪੋਕਸਮੈਨ), ਇਕਬਾਲ ਧਾਮੀ (ਮੁੱਖ ਸਲਾਹਕਾਰ), ਦਿਨੇਸ਼ ਸ਼ੇਖੂਪੁਰੀਆ (ਸਪੋਕਸਮੈਨ), ਰੀਤੂ ਅਹੀਰ (ਲੋਕ ਸੰਪਰਕ ਅਫਸਰ) ਅਤੇ ਹਰਮਨਦੀਪ (ਖਜ਼ਾਨਚੀ) ਚੁਣੇ ਗਏ ਹਨ। ਇਹ ਚੁਣੀ ਗਈ ਕਾਰਜਕਾਰਨੀ ਇੱਕ ਸਾਲ ਲਈ ਅਗਸਤ 2026 ਤੱਕ ਕਾਰਜਸ਼ੀਲ ਰਹੇਗੀ। ਇਸ ਸਾਲ ਦੇ ਪਲੇਠੇ ਸਾਹਿਤਕ ਸਮਾਗਮ ਦੀ ਜਾਣਕਾਰੀ ਕਾਰਜਕਾਰਨੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਜਲਦੀ ਹੀ ਪੰਜਾਬੀ ਭਾਈਚਾਰੇ ਨਾਲ ਸਾਂਝੀ ਕਰ ਰਹੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News