ਸ਼੍ਰੀਲੰਕਾ ''ਚ ਸਥਾਨਕ ਲੋਕਾਂ ਨਾਲ ਵਿਆਹ ਕਰਨ ਦੇ ਚਾਹਵਾਨ ਵਿਦੇਸ਼ੀਆਂ ਲਈ ਨਵਾਂ ਨਿਰਦੇਸ਼ ਜਾਰੀ
Monday, Dec 27, 2021 - 02:02 PM (IST)
ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਸਥਾਨਕ ਲੋਕਾਂ ਨਾਲ ਵਿਆਹ ਕਰਨ ਦੇ ਚਾਹਵਾਨ ਵਿਦੇਸ਼ੀਆਂ ਲਈ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਹੈ। ਇਹ ਨਵਾਂ ਕਾਨੂੰਨ 1 ਜਨਵਰੀ, 2022 ਤੋਂ ਲਾਗੂ ਹੋਵੇਗਾ। ਸਰਕਾਰ ਦੇ ਇਸ ਕਦਮ ਦੀ ਵਿਰੋਧੀ ਧਿਰ ਅਤੇ ਕਈ ਨਾਗਰਿਕ ਸਮੂਹਾਂ ਦੁਆਰਾ ਆਲੋਚਨਾ ਕੀਤੀ ਗਈ ਹੈ। ਰਜਿਸਟਰਾਰ ਜਨਰਲ ਡਬਲਯੂਐਮਐਮਬੀ ਵੀਰ ਸੇਕੇਰਾ ਨੇ 18 ਅਕਤੂਬਰ ਦੇ ਇੱਕ ਸਰਕੂਲਰ ਵਿੱਚ ਕਿਹਾ ਕਿ ਇਹ ਫ਼ੈਸਲਾ ਰਾਸ਼ਟਰੀ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਸਰਕੂਲਰ ਮੁਤਾਬਕ ਸਬੰਧਤ ਅਧਿਕਾਰੀਆਂ ਨੇ "ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਚਰਚਾ ਕੀਤੀ ਜੋ ਵਿਦੇਸ਼ੀ ਅਤੇ ਸ਼੍ਰੀਲੰਕਾ ਦੇ ਲੋਕਾਂ ਵਿਚਕਾਰ ਵਿਆਹਾਂ ਤੋਂ ਪੈਦਾ ਹੋ ਸਕਦੇ ਹਨ"। ਇਸ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਅਕਤੀ ਵੱਲੋਂ ਸੁਰੱਖਿਆ ਸਬੰਧੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਪ੍ਰਾਪਤ ਹੋਣ ਤੋਂ ਬਾਅਦ ਹੀ ਵਧੀਕ ਜ਼ਿਲ੍ਹਾ ਰਜਿਸਟਰਾਰ ਰਾਹੀਂ ਅਜਿਹੇ ਵਿਆਹਾਂ ਨੂੰ ਰਜਿਸਟਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰ ਹਰਸ਼ਾ ਡੀ ਸਿਲਵਾ ਨੇ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ 'ਇਹ ਕਿਸ ਤਰ੍ਹਾਂ ਦਾ ਵਿਤਕਰਾ ਹੈ?
ਪੜ੍ਹੋ ਇਹ ਅਹਿਮ ਖਬਰ- ਕਮਾਲ ਦਾ ਸੰਤੁਲਨ : ਇਕ ਸ਼ਖਸ ਦੇ ਸਿਰ 'ਤੇ ਖੜ੍ਹਾ ਹੋਇਆ ਦੂਜਾ, ਫਿਰ ਬਣਾਇਆ ਵਰਲਡ ਰਿਕਾਰਡ (ਵੀਡੀਓ)
ਸੋਸ਼ਲ ਮੀਡੀਆ 'ਤੇ ਨਾਗਰਿਕ ਸੰਗਠਨਾਂ ਨਾਲ ਜੁੜੇ ਕਈ ਲੋਕਾਂ ਨੇ ਵੀ ਇਸ ਕਦਮ 'ਤੇ ਸਵਾਲ ਖੜ੍ਹੇ ਕੀਤੇ ਹਨ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਕੋਈ ਇਤਰਾਜ਼ ਨਹੀਂ ਪੱਤਰ (no-objection letter) ਇਹ ਪ੍ਰਮਾਣਿਤ ਕਰੇਗਾ ਕਿ ਵਿਦੇਸ਼ੀ ਨੂੰ ਪਿਛਲੇ ਛੇ ਮਹੀਨਿਆਂ ਦੌਰਾਨ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਮਹੱਤਵਪੂਰਨ ਹੈ ਕਿਉਂਕਿ ਇਹ ਸਥਾਨਕ ਲੋਕਾਂ ਨੂੰ ਵਿਦੇਸ਼ੀਆਂ ਦੁਆਰਾ ਵਿਆਹ ਕਰਕੇ ਧੋਖਾ ਦੇਣ ਤੋਂ ਰੋਕਣ ਵਿੱਚ ਮਦਦ ਕਰੇਗਾ ਅਤੇ ਅਜਿਹੇ ਵਿਆਹਾਂ ਰਾਹੀਂ ਨਸ਼ਿਆਂ ਦੀ ਵੱਧ ਰਹੀ ਤਸਕਰੀ 'ਤੇ ਲਗਾਮ ਲਗਾਉਣ ਵਿਚ ਮਦਦ ਮਿਲੇਗੀ।